ਝੂਠੇ ਕੇਸ ਪਾ ਕੇ ਦਬਾਉਣਾ ਚਾਹੁੰਦੀ ਹੈ ਸਰਕਾਰ: ਸੁਖਬੀਰ

7

Sell-Aid Desk 24/7- ਸ਼੍ਰੋੋਮਣੀ ਅਕਾਲੀ ਦਲ ਦੇ ਪ੍ਰਧਾਨ ਸੁੁਖਬੀਰ ਬਾਦਲ ਨੇ ਅੱਜ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਸਰਕਾਰ ਅਕਾਲੀ ਆਗੂਆਂ ਅਤੇ ਵਰਕਰਾਂ ’ਤੇ ਝੂਠੇ ਕੇਸ ਦਰਜ ਕਰਕੇ ਉਨ੍ਹਾਂ ਨੂੰ ਦਬਾਉਣਾ ਚਾਹੁੰਦੀ ਹੈ। ਉਹ ਕਰਤਾਰਪੁਰ ਵਿੱਚ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਸੀਨੀਅਰ ਆਗੂ ਮਹਿੰਦਰ ਸਿੰਘ ਕੇ ਪੀ ਨੂੰ ਹਲਕਾ ਕਰਤਾਰਪੁਰ ਦਾ ਇੰਚਾਰਜ ਨਿਯੁਕਤ ਕੀਤਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਹਰ ਫਰੰਟ ’ਤੇ ਫੇਲ੍ਹ ਹੋ ਚੁੱਕੀ ਹੈ ਸੂਬੇ ਵਿੱਚ ਫਰੌਤੀਆਂ ਤੇ ਕਤਲ ਦੇ ਮਾਮਲੇ ਵਧਦੇ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਅਕਾਲੀ ਦਲ ਪਾਰਟੀ ਦੀ ਮਜ਼ਬੂਤੀ ਲਈ ਲੋਕਾਂ ਨੂੰ ਲਾਮਬੰਦ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੂਬੇ ਦੀ ਖੇਤਰੀ ਪਾਰਟੀ ਹੈ ਅਤੇ ਹਰ ਔਖੇ ਵੇਲੇ ਸੂਬਾ ਵਾਸੀਆਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਮਹਿੰਦਰ ਸਿੰਘ ਕੇ ਪੀ ਦਾ ਸਿਆਸੀ ਸਫ਼ਰ ਬੇਦਾਗ ਹੈ। ਮਹਿੰਦਰ ਸਿੰਘ ਕੇ ਪੀ ਨੂੰ ਵਿਧਾਨ ਸਭਾ ਕਰਤਾਰਪੁਰ ਤੋਂ ਤਕੜੇ ਹੋ ਕੇ ਕੰਮ ਕਰਨ ਅਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਸੰਭਾਵੀ ਉਮੀਦਵਾਰ ਵਜੋਂ ਪੇਸ਼ ਕਰਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਇਹ ਹਲਕਾ ਸ੍ਰੀ ਕੇ ਪੀ ਦਾ ਨਿੱਜੀ ਹਲਕਾ ਹੈ ਅਤੇ ਉਨ੍ਹਾਂ ਦਾ ਅਸਰ ਰਸੂਖ਼ ਆਮ ਆਗੂਆਂ ਨਾਲੋਂ ਵੱਧ ਹੈ। ਇਸ ਮੌਕੇ ਮਹਿੰਦਰ ਸਿੰਘ ਕੇ ਪੀ ਨੇ ਕਿਹਾ ਕਿ ਉਨ੍ਹਾਂ ਆਪਣੇ ਸਿਆਸੀ ਸਫ਼ਰ ਵਿੱਚ ਕਈ ਉਤਰਾਅ-ਚੜ੍ਹਾਅ ਆਉਣ ਦੇ ਬਾਵਜੂਦ ਆਪਣੇ ਆਪ ਨੂੰ ਬੇਦਾਗ਼ ਰਹਿ ਕੇ ਸਿਆਸਤ ਕੀਤੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਹਲਕਾ ਇੰਚਾਰਜ ਵਜੋਂ ਦਿੱਤੀ ਜ਼ਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ।

ਅਕਾਲੀ ਦਲ ਦੇ ਸਕੱਤਰ ਤਜਿੰਦਰ ਸਿੰਘ ਨਿੱਝਰ ਨੇ ਕਿਹਾ ਕਿ ਮਹਿੰਦਰ ਕੇ ਪੀ ਨਾਲ ਮਿਲ ਕੇ ਇਲਾਕੇ ਵਿੱਚ ਅਕਾਲੀ ਵਰਕਰਾਂ ਨੂੰ ਲਾਮਬੰਦ ਕਰਨ ਲਈ ਮੀਟਿੰਗਾਂ ਕੀਤੀਆਂ ਜਾਣਗੀਆਂ।

ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਰਣਜੀਤ ਸਿੰਘ ਕਾਹਲੋਂ, ਬੀਬੀ ਗੁਰਮੀਤ ਕੌਰ ਭਟਨੂਰਾ ਜ਼ਿਲ੍ਹਾ ਜਲੰਧਰ ਦਿਹਾਤੀ ਦੇ ਪ੍ਰਧਾਨ ਬਚਿੱਤਰ ਸਿੰਘ ਕੋਹਾੜ, ਜਲੰਧਰ ਸ਼ਹਿਰੀ ਦੇ ਪ੍ਰਧਾਨ ਇਕਬਾਲ ਸਿੰਘ ਢੀਂਡਸਾ, ਬਲਬੀਰ ਸਿੰਘ ਚੌਹਾਨ, ਨਵਨੀਤ ਸਿੰਘ ਛੀਨਾ, ਬਲਜੀਤ ਸਿੰਘ ਸੋਹਲ, ਗੁਰਦੇਵ ਸਿੰਘ ਮਾਹਲ, ਗੁਰਨੇਕ ਸਿੰਘ ਢਿੱਲੋਂ, ਰਤਨ ਸਿੰਘ ਰਹੀਮਪੁਰ ਆਦਿ ਮੌਜੂਦ ਸਨ।