ਕੀ ਤੁਸੀਂ ਕਦੇ ਉਨ੍ਹਾਂ ਬਚਪਨ ਦੀਆਂ ਯਾਦਾਂ ਨੂੰ ਤਾਜ਼ਾ ਕਰਨਾ ਚਾਹੁੰਦੇ ਹੋ ਜੋ ਤੁਹਾਡੇ ਦਿਲ ਦੇ ਬਹੁਤ ਨੇੜੇ ਸਨ? ਬੈਂਗਲੁਰੂ ਦੀ ਰਹਿਣ ਵਾਲੀ ਰਚਨਾ ਮਹਾਦੀਮਾਨੇ ਨੇ ਆਪਣੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲ ਕੇ ਕੁਝ ਅਜਿਹਾ ਹੀ ਕੀਤਾ ਹੈ। ਉਸ ਨੇ ਇੱਕ ਪੁਰਾਣੀ ਕਾਰ ਖਰੀਦੀ, ਜੋ ਕਿ ਇੱਕ ਕਾਰ ਤੋਂ ਵੱਧ ਕੇ ਹੈ, ਇਹ ਉਸ ਦੇ ਬਚਪਨ ਦੀਆਂ ਯਾਦਾਂ ਅਤੇ ਸੁਪਨਿਆਂ ਦਾ ਇੱਕ ਹਿੱਸਾ ਵੀ ਸੀ। ਰਚਨਾ ਨੇ ਇੱਕ ਵਿੰਟੇਜ Premier Padmini ਖਰੀਦੀ, ਜੋ ਇੱਕ ਸਮੇਂ ਰਜਨੀਕਾਂਤ (Rajinikanth), ਮਮੂਟੀ (Mammootty) ਅਤੇ ਆਮਿਰ ਖਾਨ (Aamir Khan) ਦੀ ਕਾਰ ਵਜੋਂ ਪ੍ਰਸਿੱਧ ਸੀ।
ਰਚਨਾ ਮਹਾਦੀਮਾਨੇ ਨੇ ਆਪਣੇ ਜਨਮਦਿਨ ‘ਤੇ ਖੁਦ ਨੂੰ ਖਾਸ ਤੋਹਫਾ ਦਿੱਤਾ ਹੈ। ਇਹ ਤੋਹਫਾ ‘ਪ੍ਰੀਮੀਅਰ ਪਦਮਿਨੀ’ ਕਾਰ ਸੀ। ਇੰਸਟਾਗ੍ਰਾਮ ‘ਤੇ ਆਪਣੀ ਖੁਸ਼ੀ ਸਾਂਝੀ ਕਰਦੇ ਹੋਏ, ਉਸਨੇ ਲਿਖਿਆ “ਇਹ ਹਕੀਕਤ ਵਰਗਾ ਮਹਿਸੂਸ ਨਹੀਂ ਹੁੰਦਾ। ਮੈਂ ਆਪਣਾ ਬਚਪਨ ਦਾ ਸੁਪਨਾ ਪੂਰਾ ਕੀਤਾ ਹੈ।“ ਰਚਨਾ ਦਾ ਇਸ ਕਾਰ ਲਈ ਪਿਆਰ ਕਈ ਸਾਲ ਪੁਰਾਣਾ ਹੈ। ਹਾਲਾਂਕਿ, ਜਦੋਂ ਉਸ ਨੇ ਇਸ ਨੂੰ ਖਰੀਦਿਆ, ਇਹ ਬੁਰੀ ਹਾਲਤ ਵਿੱਚ ਸੀ। ਇਸ ਨੂੰ ਚਲਾਉਣ ਲਈ ਕਾਫੀ ਮੁਰੰਮਤ ਕਰਨੀ ਪਈ ਅਤੇ ਇਸ ਨੂੰ ਪੂਰੀ ਤਰ੍ਹਾਂ ਨਾਲ ਡਿਜ਼ਾਈਨ ਕਰਨਾ ਪਿਆ।
ਰਚਨਾ ਅਨੁਸਾਰ ਇਸ ਕਾਰ ਨਾਲ ਉਸ ਦਾ ਜਜ਼ਬਾਤੀ ਰਿਸ਼ਤਾ ਇੰਨਾ ਡੂੰਘਾ ਸੀ ਕਿ ਉਸ ਨੇ ਇਸ ਨੂੰ ਹਾਸਲ ਕਰਨ ਦੇ ਰਾਹ ਵਿੱਚ ਹਰ ਮੁਸ਼ਕਲ ਨੂੰ ਪਾਰ ਕੀਤਾ। ਪਿਛਲੇ 2 ਸਾਲਾਂ ਵਿੱਚ ਉਸ ਨੇ ਇਸ ਕਾਰ ਨੂੰ ਹਰ ਥਾਂ ਦੇਖਿਆ ਹੈ, ਸਕੈਚ ਕੀਤਾ ਹੈ ਅਤੇ ਇਸ ਬਾਰੇ ਲਿਖਿਆ। ਆਖ਼ਰਕਾਰ, ਜਦੋਂ ਉਸ ਨੇ ਇਸਨੂੰ ਚਲਾਇਆ, ਇਹ ਉਸਦੇ ਲਈ ਇੱਕ ਸੁਪਨੇ ਦੇ ਸਾਕਾਰ ਹੋਣ ਵਰਗਾ ਸੀ।
ਰਚਨਾ ਦੀ ਕਾਰ ਸੋਸ਼ਲ ਮੀਡੀਆ ‘ਤੇ ਹੋਈ ਮਸ਼ਹੂਰ
ਰਚਨਾ ਦੀ ਕਹਾਣੀ ਨੇ ਇੰਸਟਾਗ੍ਰਾਮ ‘ਤੇ ਹਜ਼ਾਰਾਂ ਦਿਲਾਂ ਨੂੰ ਛੂਹ ਲਿਆ ਹੈ। ਉਸ ਦੀ ਪੋਸਟ ‘ਤੇ ਕਈ ਲੋਕਾਂ ਨੇ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ ਹਨ। ਇੱਕ ਨੇ ਲਿਖਿਆ, “ਅੱਜ ਜਦੋਂ ਦੁਨੀਆ ਲਗਜ਼ਰੀ ਕਾਰਾਂ ਪਿੱਛੇ ਭੱਜ ਰਹੀ ਹੈ, ਤੁਸੀਂ ਸੱਚਮੁੱਚ ਕੁਝ ਖਾਸ ਪ੍ਰਾਪਤ ਕੀਤਾ ਹੈ।” ਇਕ ਹੋਰ ਨੇ ਕਿਹਾ, “ਮੈਂ Premier Padmini ਦੀ ਵਰਤੋਂ ਡਰਾਈਵਿੰਗ ਸਿੱਖਣ ਅਤੇ ਟੈਸਟ ਦੇਣ ਲਈ ਕੀਤੀ। ਇਹ ਇਤਿਹਾਸ ਦਾ ਹਿੱਸਾ ਹੈ
Premier Padmini: Premier Padmini 1970 ਅਤੇ 1980 ਦੇ ਦਹਾਕੇ ਵਿੱਚ ਭਾਰਤ ਵਿੱਚ ਬਹੁਤ ਮਸ਼ਹੂਰ ਸੀ। ਇਹ ਫਿਏਟ ਦੇ ਲਾਇਸੈਂਸ ਦੇ ਤਹਿਤ ਤਿਆਰ ਕੀਤੀ ਗਈ ਸੀ ਅਤੇ ਆਮ ਪਰਿਵਾਰਾਂ ਤੋਂ ਲੈ ਕੇ ਮਸ਼ਹੂਰ ਹਸਤੀਆਂ ਤੱਕ ਹਰ ਕਿਸੇ ਦੀ ਪਸੰਦੀਦਾ ਕਾਰ ਬਣ ਗਈ ਸੀ। ਹਾਲਾਂਕਿ, ਮਾਰੂਤੀ ਸੁਜ਼ੂਕੀ ਦੀਆਂ ਆਧੁਨਿਕ ਅਤੇ ਈਂਧਨ-ਐਫੀਸ਼ੀਐਂਟ ਕਾਰਾਂ ਦੀ ਸ਼ੁਰੂਆਤ ਨਾਲ ਇਸ ਦੀ ਪ੍ਰਸਿੱਧੀ ਵਿੱਚ ਗਿਰਾਵਟ ਆਈ। ਪਰ, ਇਸ ਦੀ ਪਛਾਣ ਅੱਜ ਵੀ ਯਾਦਗਾਰ ਬਣੀ ਹੋਈ ਹੈ। ਖਾਸ ਤੌਰ ‘ਤੇ ਮੁੰਬਈ ਦੀਆਂ ਕਾਲੀਆਂ-ਪੀਲੀਆਂ ਟੈਕਸੀਆਂ ਦੇ ਰੂਪ ‘ਚ, ਜਿਨ੍ਹਾਂ ਨੇ 2023 ਤੱਕ ਸੇਵਾਵਾਂ ਪ੍ਰਦਾਨ ਕੀਤੀਆਂ ਹਨ।













