ਹਾੜ੍ਹੀ ਦੀਆਂ ਫ਼ਸਲਾਂ ਤੋਂ ਵਧੇਰੇ ਪੈਦਾਵਾਰ ਲੈਣ ਲਈ 16 ਖੁਰਾਕੀ ਤੱਤਾਂ ਦੀ ਜ਼ਰੂਰਤ ਹੁੰਦੀ ਹੈ ਅਤੇ ਇਹ ਖੁਰਾਕੀ ਤੱਤ ਫ਼ਸਲ ਨੂੰ ਹਵਾ,ਪਾਣੀ ਅਤੇ ਮਿੱਟੀ ਤੋਂ ਮਿਲਦੇ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ.ਅਮਰੀਕ ਸਿੰਘ ਨੇ ਦੱਸਿਆ ਕਿ ਕਿਸੇ ਵੀ ਫ਼ਸਲ ਨੁੰ 16 ਖੁਰਾਕੀ ਤੱਤਾਂ ਵਿਚੋਂ ਚਾਰ ਖੁਰਾਕੀ ਤੱਤ ਜਿਵੇਂ ਹਾਈਡ੍ਰੋਜਨ,ਕਾਰਬਨ,ਨਾਈਟ੍ਰੋਜਨ ਅਤੇ ਆਕਸੀਜਨ ਹਵਾ,ਪਾਣੀ ਅਤੇ ਮਿੱਟੀ ਤੋਂ ਮਿਲਦੇ ਹਨ ਜਦ ਕਿ ਫਾਸਫੋਰਸ,ਪੋਟਾਸ਼,ਜ਼ਿੰਕ, ਮੈਂਗਨੀਜ਼,ਮੈਗਨੀਸ਼ੀਅਮ, ਕਾਪਰ, ਬੋਰੋਨ,ਕੈਲਸ਼ੀਅਮ,ਸਲਫ਼ਰ,ਕਲੋਰਾਈਡ,ਲੋਹਾ, ਮੋਲੀਬਿਡਨਮ ਖੁਰਾਕੀ ਤੱਤ ਮਿੱਟੀ ਅਤੇ ਰਸਾਇਣਕ ਅਤੇ ਦੇਸੀ ਖਾਦਾਂ ਤੋਂ ਮਿਲਦੇ ਹਨ।
ਉਨਾਂ ਦੱਸਿਆ ਕਿ ਸਲਫ਼ਰ ਇੱਕ ਅਜਿਹਾ ਖੁਰਾਕੀ ਤੱਤ ਹੈ ਜੋਂ ਫ਼ਸਲ ਲਈ ਬਹੁਤ ਜ਼ਰੂਰੀ ਹੁੰਦਾ ਹੈ ਅਤੇ ਜੇਕਰ ਇਸ ਤੱਤ ਦੀ ਕਣਕ ਜਾਂ ਹੋਰ ਫ਼ਸਲ ਵਿਚ ਘਾਟ ਆ ਜਾਵੇ ਤਾਂ ਪੈਦਾਵਾਰ ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਉਨਾਂ ਦੱਸਿਆ ਕਿ ਕਣਕ ਦੀ ਫ਼ਸਲ ਵਿਚ ਸਲਫ਼ਰ ਤੱਤ ਦੀ ਘਾਟ ਆਉਣ ਨਾਲ ਨਵੇਂ ਪੱਤਿਆਂ ਦੀਆਂ ਨੋਕਾਂ ਹਰੀਆਂ ਰਹਿੰਦੀਆਂ ਹਨ ਜਦ ਕਿ ਪੱਤੇ ਦਾ ਬਾਕੀ ਹਿੱਸਾ ਪੀਲਾ ਹੋ ਜਾਂਦਾ ਹੈ।
ਉਨਾਂ ਦੱਸਿਆ ਕਿ ਸਲਫ਼ਰ ਖੁਰਾਕੀ ਤੱਤ ਦੀ ਪੂਰਤੀ ਲਈ ਜਿਪਸਮ ਬਹੁਤ ਹੀ ਸਸਤਾ ਅਤੇ ਬੇਹਤਰ ਸਰੋਤ ਹੈ ਜੋਂ ਪ੍ਰਤੀ ਏਕੜ 100 ਕਿਲੋ ਪਾਇਆ ਜਾ ਸਕਦਾ ਹੈ। ਉਨਾਂ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਜਿਪਸਮ 50 ਫੀਸਦੀ ਸਬਸਿਡੀ ਤੇ ਮੁਹਈਆ ਕਰਵਾਈ ਜਾ ਰਹੀ ਹੈ। ਉਨਾਂ ਦੱਸਿਆ ਕਿ ਪ੍ਰਤੀ 50 ਕਿਲੋ ਬੈਗ 205/- ਦਾ ਮੁਹਈਆ ਕਰਵਾਇਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਜਿਪਸਮ, ਕਲਰਾਥੀ ਜ਼ਮੀਨਾਂ ਨੂੰ ਸੁਧਾਰਨ ਲਈ ਵੀ ਵਰਤੀ ਜਾ ਸਕਦੀ ਹੈ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਕਿਸਾਨ ਨੂੰ ਜਿਪਸਮ ਚਾਹੀਦੀ ਹੋਵੇ, ਉਹ ਸਬੰਧਤ ਖੇਤੀਬਾੜੀ ਦਫਤਰ ਨਾਲ ਸੰਪਰਕ ਕਰਕੇ ਪ੍ਰਾਪਤ ਕਰ ਸਕਦੇ ਹਨ।













