ਮਹਾਕੁੰਭ ਜਾ ਰਹੇ ਸ਼ਰਧਾਲੂਆਂ ਦੀ ਬੋਲੈਰੋ ਤੇ ਬੱਸ ਵਿਚਾਲੇ ਭਿਆਨਕ ਟੱਕਰ, 10 ਦੀ ਮੌਤ, 19 ਜ਼ਖਮੀ

40

Maha Kumbh Bus Accident:  ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਮਹਾਕੁੰਭ ‘ਚ ਇਸ਼ਨਾਨ ਕਰਨ ਆਏ 10 ਸ਼ਰਧਾਲੂਆਂ ਦੀ ਮੌਤ ਹੋ ਗਈ ਹੈ ਅਤੇ 19 ਜ਼ਖਮੀ ਹੋਏ ਹਨ। ਇੱਥੇ ਇੱਕ ਬੋਲੈਰੋ ਅਤੇ ਬੱਸ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ ਹੈ, ਜਿਸ ਵਿੱਚ ਹੁਣ ਤੱਕ 10 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸ਼ੁਰੂਆਤੀ ਜਾਣਕਾਰੀ ‘ਚ ਸਾਹਮਣੇ ਆਇਆ ਹੈ ਕਿ ਬੱਸ ਅਤੇ ਬੋਲੈਰੋ ‘ਚ ਸਵਾਰ ਸਾਰੇ ਲੋਕ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਦੇ ਨਿਵਾਸੀ ਹਨ। ਫਿਲਹਾਲ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਪ੍ਰਯਾਗਰਾਜ ਦੇ ਡੀਸੀਪੀ ਯਮੁਨਾਨਗਰ ਵਿਵੇਕ ਚੰਦਰ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਦੂਜੇ ਪਾਸੇ ਪੁਲਿਸ ਕਮਿਸ਼ਨਰ ਤਰੁਣ ਗਾਬਾ, ਡੀਐਮ ਰਵਿੰਦਰ ਕੁਮਾਰ ਮੰਡ ਅਤੇ ਹੋਰ ਅਧਿਕਾਰੀ ਵੀ ਮੌਕੇ ’ਤੇ ਪਹੁੰਚ ਗਏ ਸਨ।

ਜਾਣਕਾਰੀ ਮੁਤਾਬਕ ਇਹ ਘਟਨਾ ਮੇਜਾ ‘ਚ ਪ੍ਰਯਾਗਰਾਜ-ਮਿਰਜ਼ਾਪੁਰ ਹਾਈਵੇ ‘ਤੇ ਸ਼ੁੱਕਰਵਾਰ ਦੇਰ ਰਾਤ ਵਾਪਰੀ। ਇੱਥੇ ਇੱਕ ਬੋਲੈਰੋ ਅਤੇ ਸ਼ਰਧਾਲੂਆਂ ਨਾਲ ਭਰੀ ਬੱਸ ਵਿਚਾਲੇ ਆਹਮੋ-ਸਾਹਮਣੇ ਟੱਕਰ ਹੋ ਗਈ ਅਤੇ ਇਸ ਹਾਦਸੇ ਵਿੱਚ ਬੋਲੈਰੋ ਵਿੱਚ ਸਵਾਰ ਸਾਰੇ 10 ਸ਼ਰਧਾਲੂਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਲੋਕ ਛੱਤੀਸਗੜ੍ਹ ਦੇ ਕੋਰਬਾ ਜ਼ਿਲ੍ਹੇ ਦੇ ਰਹਿਣ ਵਾਲੇ ਸਨ ਅਤੇ ਸੰਗਮ ਇਸ਼ਨਾਨ ਲਈ ਜਾ ਰਹੇ ਸਨ।

ਦੂਜੇ ਪਾਸੇ ਇਸ ਹਾਦਸੇ ਵਿੱਚ ਬੱਸ ਵਿੱਚ ਸਵਾਰ 19 ਲੋਕ ਵੀ ਜ਼ਖ਼ਮੀ ਹੋ ਗਏ। ਇਹ ਲੋਕ ਸੰਗਮ ‘ਚ ਇਸ਼ਨਾਨ ਕਰਕੇ ਵਾਰਾਨਸੀ ਪਰਤ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਸਾਰੇ ਜ਼ਖਮੀਆਂ ਨੂੰ ਸੀਐਚਸੀ ਰਾਮਨਗਰ ਵਿੱਚ ਭਰਤੀ ਕਰਵਾਇਆ ਗਿਆ ਹੈ। ਬੱਸ ਵਿੱਚ ਸਵਾਰ ਲੋਕ ਮੱਧ ਪ੍ਰਦੇਸ਼ ਦੇ ਰਾਜਗੜ੍ਹ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਪੁਲਿਸ ਹਾਦਸੇ ਦੀ ਜਾਂਚ ਕਰ ਰਹੀ ਹੈ।
ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਪ੍ਰਯਾਗਰਾਜ ‘ਚ ਬੱਸ ਅਤੇ ਬੋਲੇਰੋ ਹਾਦਸੇ ਦਾ ਨੋਟਿਸ ਲਿਆ ਹੈ। ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਜ਼ਾਹਰ ਕਰਦੇ ਹੋਏ ਸੀਐਮ ਯੋਗੀ ਨੇ ਅਧਿਕਾਰੀਆਂ ਨੂੰ ਤੁਰੰਤ ਮੌਕੇ ‘ਤੇ ਪਹੁੰਚਣ ਅਤੇ ਰਾਹਤ ਕਾਰਜਾਂ ਨੂੰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਨੇ ਜ਼ਖਮੀਆਂ ਦੇ ਢੁੱਕਵੇਂ ਇਲਾਜ ਦੀ ਗੱਲ ਵੀ ਕੀਤੀ ਹੈ।