ਰੇਖਾ ਗੁਪਤਾ ਹੋਣਗੇ ਦਿੱਲੀ ਦੀ ਮੁੱਖ ਮੰਤਰੀ, BJP ਨੇ ਕੀਤਾ ਐਲਾਨ, ਭਲਕੇ ਹੋਵੇਗਾ ਸਹੁੰ ਚੁੱਕ ਸਮਾਗਮ

29

ਰੇਖਾ ਗੁਪਤਾ ਦਿੱਲੀ ਦੀ ਅਗਲੀ ਮੁੱਖ ਮੰਤਰੀ ਹੋਵੇਗੀ। ਭਾਜਪਾ ਨੇ ਬੁੱਧਵਾਰ ਸ਼ਾਮ ਨੂੰ ਉਨ੍ਹਾਂ ਨੂੰ ਦਿੱਲੀ ਦਾ ਮੁੱਖ ਮੰਤਰੀ ਬਣਾਉਣ ਦਾ ਐਲਾਨ ਕੀਤਾ। ਉਹ ਪਹਿਲੀ ਵਾਰ ਸ਼ਾਲੀਮਾਰ ਬਾਗ ਸੀਟ ਤੋਂ ਵਿਧਾਇਕ ਚੁਣੀ ਗਈ ਹੈ। ਭਾਜਪਾ ਵਿਧਾਇਕ ਦਲ ਦੀ ਮੀਟਿੰਗ ਵਿੱਚ ਰੇਖਾ ਗੁਪਤਾ ਨੂੰ ਸਰਬਸੰਮਤੀ ਨਾਲ ਆਗੂ ਚੁਣ ਲਿਆ ਗਿਆ। ਦਿੱਲੀ ਦੇ ਨਵੇਂ ਮੁੱਖ ਮੰਤਰੀ ਅਤੇ ਉਨ੍ਹਾਂ ਦੀ ਕੈਬਨਿਟ 20 ਫਰਵਰੀ ਨੂੰ ਰਾਮਲੀਲਾ ਮੈਦਾਨ ਵਿੱਚ ਸਹੁੰ ਚੁੱਕਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਐਨਡੀਏ ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣਗੇ।

ਬੀਜੇਪੀ ਨੇ 27 ਸਾਲਾਂ ਬਾਅਦ ਦਿੱਲੀ ਵਿੱਚ ਮੁੜ ਸੱਤਾ ਹਾਸਿਲ ਕੀਤੀ ਹੈ। ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ 70 ਵਿੱਚੋਂ 48 ਸੀਟਾਂ ਜਿੱਤ ਕੇ ਆਮ ਆਦਮੀ ਪਾਰਟੀ (ਆਪ) ਨੂੰ ਕਰਾਰੀ ਹਾਰ ਦਿੱਤੀ ਸੀ। ਹਾਲਾਂਕਿ ਉਦੋਂ ਤੋਂ ਹੀ ਦਿੱਲੀ ਦਾ ਮੁੱਖ ਮੰਤਰੀ ਕੌਣ ਬਣੇਗਾ ਇਸ ਨੂੰ ਲੈ ਕੇ ਕਾਫੀ ਅਟਕਲਾਂ ਲਗਾਈਆਂ ਜਾ ਰਹੀਆਂ ਸਨ। ਬੁੱਧਵਾਰ ਸ਼ਾਮ ਨੂੰ ਸਾਰੀਆਂ ਕਿਆਸਅਰਾਈਆਂ ਖਤਮ ਹੋ ਗਈਆਂ। ਸੁਸ਼ਮਾ ਸਵਰਾਜ, ਸ਼ੀਲਾ ਦੀਕਸ਼ਿਤ ਅਤੇ ਆਤਿਸ਼ੀ ਤੋਂ ਬਾਅਦ ਰੇਖਾ ਦਿੱਲੀ ਦੀ ਚੌਥੀ ਮਹਿਲਾ ਮੁੱਖ ਮੰਤਰੀ ਹੋਵੇਗੀ। 1998 ਵਿੱਚ ਭਾਜਪਾ ਨੇ ਸੁਸ਼ਮਾ ਸਵਰਾਜ ਨੂੰ ਦਿੱਲੀ ਦੀ ਮੁੱਖ ਮੰਤਰੀ ਬਣਾਇਆ। 2025 ਵਿੱਚ ਭਾਜਪਾ ਨੇ ਰੇਖਾ ਗੁਪਤਾ ਨੂੰ ਮੁੱਖ ਮੰਤਰੀ ਬਣਾਇਆ ਹੈ।

ਭਲਕੇ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ
ਸਹੁੰ ਚੁੱਕ ਸਮਾਗਮ 20 ਫਰਵਰੀ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਹੋਵੇਗਾ। ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਸਾਬਕਾ ਮੁੱਖ ਮੰਤਰੀਆਂ ਅਰਵਿੰਦ ਕੇਜਰੀਵਾਲ ਅਤੇ ਆਤਿਸ਼ੀ ਨੂੰ ਵੀ ਸੱਦਾ ਪੱਤਰ ਭੇਜਿਆ ਗਿਆ ਹੈ। ਸਮਾਗਮ ਵਿੱਚ ਡੇਢ ਲੱਖ ਦੇ ਕਰੀਬ ਲੋਕਾਂ ਦੇ ਆਉਣ ਲਈ ਪ੍ਰਬੰਧ ਕੀਤੇ ਗਏ ਹਨ।