ਫਾਜ਼ਿਲਕਾ ਦੇ ਬਾਰਡਰ ਰੋਡ ‘ਤੇ ਹੋਏ ਸੜਕ ਹਾਦਸੇ ‘ਚ ਇਕ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਆਪਣੀ ਮੌਤ ਤੋਂ ਕੁਝ ਸਮਾਂ ਪਹਿਲਾਂ ਮ੍ਰਿਤਕ ਨੇ ਘਰ ਪਰਤਣ ਬਾਰੇ ਆਪਣੀ ਪਤਨੀ ਨਾਲ ਫੋਨ ‘ਤੇ ਗੱਲ ਕੀਤੀ ਸੀ ਪਰ ਉਹ ਘਰ ਨਹੀਂ ਪਹੁੰਚਿਆ ਅਤੇ ਹਾਦਸੇ ਦਾ ਸ਼ਿਕਾਰ ਹੋ ਗਿਆ। ਪਰਿਵਾਰ ਸਾਰੀ ਰਾਤ ਆਪਣੇ ਬੇਟੇ ਨੂੰ ਲੱਭਦਾ ਰਿਹਾ। ਪਰ ਸਵੇਰੇ ਉਸ ਦੀ ਲਾਸ਼ ਬਰਾਮਦ ਹੋਈ। ਫਿਲਹਾਲ ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ ਅਤੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ
ਮ੍ਰਿਤਕ ਨੌਜਵਾਨ ਦੀ ਪਛਾਣ 35 ਸਾਲਾ ਵਿਨੋਦ ਸਿੰਘ ਵਜੋਂ ਹੋਈ ਹੈ, ਜੋ ਪਿੰਡ ਰਾਣਵਾਂ ਦੇ ਇੱਕ ਗੋਦਾਮ ਵਿੱਚ ਕਲਰਕ ਦਾ ਕੰਮ ਕਰਦਾ ਸੀ ਅਤੇ ਇਹ ਘਟਨਾ ਦੇਰ ਰਾਤ ਵਾਪਰੀ। ਦੇਰ ਰਾਤ ਵਿਨੋਦ ਨੇ ਆਪਣੇ ਘਰ ਫੋਨ ਕਰਕੇ ਜਲਦੀ ਹੀ ਵਾਪਸ ਆਉਣ ਦੀ ਗੱਲ ਆਖੀ ਅਤੇ ਨਹਾਉਣ ਲਈ ਪਾਣੀ ਗਰਮ ਕਰਨ ਲਈ ਕਿਹਾ। ਕਾਫੀ ਦੇਰ ਤੱਕ ਜਦੋਂ ਉਹ ਘਰ ਨਹੀਂ ਪਹੁੰਚਿਆ ਤਾਂ ਪਰਿਵਾਰ ਵਾਲਿਆਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਅੱਜ ਸਵੇਰੇ ਉਸ ਦੀ ਲਾਸ਼ ਪਿੰਡ ਕਰਨੀ ਖੇੜਾ ਨੇੜੇ ਕੱਚੀ ਸੜਕ ਤੋਂ ਮਿਲੀ।
ਮ੍ਰਿਤਕ ਦੇ ਰਿਸ਼ਤੇਦਾਰ ਮੁਖਤਿਆਰ ਸਿੰਘ ਨੇ ਦੱਸਿਆ ਕਿ ਕੰਮ ਤੋਂ ਪਰਤਦੇ ਸਮੇਂ ਦਰੱਖਤ ਨਾਲ ਟਕਰਾਉਣ ਨਾਲ ਵਿਨੋਦ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਕਿਸੇ ਹੋਰ ਵਾਹਨ ਜਾਂ ਆਵਾਰਾ ਪਸ਼ੂ ਦੇ ਅੱਗੇ ਆਉਣ ਦਾ ਸ਼ੱਕ ਹੈ। ਜਿਸ ਕਾਰਨ ਉਹ ਦਰੱਖਤ ਨਾਲ ਟਕਰਾਅ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਵਿਨੋਦਦੀ 11 ਸਾਲ ਦੀ ਇੱਕ ਬੇਟੀ ਹੈ। ਪੁਲੀਸ ਅਧਿਕਾਰੀ ਬੇਅੰਤ ਸਿੰਘ ਨੇ ਦੱਸਿਆ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਹਾਦਸਾ ਸੀ ਪਰ ਫਿਰ ਵੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।













