ਫ਼ਾਜ਼ਿਲਕਾ ਜ਼ਿਲ੍ਹਾ ਦੇ ਬੱਲੂਆਣਾ ਵਿਧਾਨ ਸਭਾ ਖੇਤਰ ਹੇਠ ਪੰਚਾਇਤ ਸੀਡ ਫਾਰਮ ਪੱਕਾ ਦੇ ਸਰਪੰਚ ਛਿੰਦਰਪਾਲ ਸਿੰਘ ਨੂੰ ਥਾਣਾ ਸਿਟੀ-1 ’ਚ ਤਾਇਨਾਤ ਏਐੱਸਆਈ ਪੱਪੂ ਰਾਮ ਵੱਲੋਂ ਥੱਪੜ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ
ਜਾਣਕਾਰੀ ਮੁਤਾਬਕ ਅਬੋਹਰ ਦੇ ਪਿੰਡ ਸੀਡ ਫਾਰਮ ਪੱਕਾ ਦੇ ਸਰਪੰਚ ਛਿੰਦਰਪਾਲ ਸਿੰਘ ਪਿੰਡ ਦੇ ਇਕ ਘਰ ਵਿਚ ਪਰਿਵਾਰਿਕ ਮਸਲਾ ਸੁਲਝਾਉਣ ਗਏ ਸੀ। ਮੌਕੇ ‘ਤੇ ਮਹਿਲਾ ਵੱਲੋਂ 112 ‘ਤੇ ਫ਼ੋਨ ਕੀਤਾ ਗਿਆ ਤਾਂ ਇਕ ASI ਪੱਪੂ ਰਾਮ ਆਪਣੇ ਨਾਲ ਇਕ ਮੁਲਾਜ਼ਮ ਲੈ ਕੇ ਮੌਕੇ ‘ਤੇ ਪਹੁੰਚਿਆ। ਉਸ ਨੇ ਘਰ ਅੰਦਰ ਦਾਖਲ ਹੁੰਦੇ ਹੀ ਮਸਲਾ ਸੁਲਝਾਉਣ ਆਏ ਸਰਪੰਚ ਛਿੰਦਰਪਾਲ ਸਿੰਘ ਦੇ ਥੱਪੜ ਜੜ ਦਿੱਤਾ।
ਇਸ ਤੋਂ ਬਾਅਦ ਮਾਮਲਾ ਵੱਧ ਗਿਆ ਤੇ ਸਰਪੰਚ ਦੇ ਥੱਪੜ ਮਾਰੇ ਜਾਣ ਦੀ ਗੱਲ ਅੱਗ ਵਾਂਗ ਫੈਲ ਗਈ ਤੇ ਪਿੰਡ ਵਾਸੀ ਇਕੱਠੇ ਹੋਣ ਲੱਗੇ। ਇੰਨੇ ਵਿਚ ASI ਆਪਣੇ ਸਾਥੀ ਮੁਲਾਜ਼ਮ ਨਾਲ ਚੌਂਕੀ ਸੀਡ ਫਾਰਮ ਪਹੁੰਚ ਗਿਆ। ਲੋਕ ਅਤੇ ਨਾਲ ਲਗਦੇ ਕਰੀਬ 7 ਪਿੰਡਾਂ ਦੇ ਸਰਪੰਚ ਵੀ ਪਹੁੰਚ ਗਏ।
ਇਸ ਮਾਮਲੇ ਸਬੰਧੀ ਸਹਾਇਕ ਸਬ ਇੰਸਪੈਕਟਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਦੀ ਪੁਸ਼ਟੀ ਥਾਣਾ ਸਿਟੀ-1 ਦੇ ਐੱਸਐੱਚਓ ਮਨਿੰਦਰ ਸਿੰਘ ਵੱਲੋਂ ਕੀਤੀ ਗਈ। ਅੱਜ ਸ਼ਾਮ ਕਰੀਬ 4 ਵਜੇ ਪਿੰਡ ਦੀ ਕਿਸੇ ਔਰਤ ਨੇ ਪੁਲਸ ਦੇ 112 ਨੰਬਰ ਹੈਲਪਲਾਈਨ ’ਤੇ ਮਦਦ ਲਈ ਸ਼ਿਕਾਇਤ ਕੀਤੀ। ਥੋੜ੍ਹੀ ਦੇਰ ਬਾਅਦ ਸਹਾਇਕ ਥਾਣੇਦਾਰ ਪੱਪੂ ਰਾਮ, ਇੱਕ ਪੁਲੀਸ ਮੁਲਾਜ਼ਮ ਨਾਲ ਗ੍ਰਾਮ ਪੰਚਾਇਤ ਸੀਡ ਫਾਰਮ ਪੱਕਾ ਪਹੁੰਚੇ। ਇੱਥੇ ਉਨ੍ਹਾਂ ਦੀ ਪਿੰਡ ਦੇ ਸਰਪੰਚ ਛਿੰਦਰਪਾਲ ਨਾਲ ਕਿਸੇ ਗਲੋਂ ਤਕਰਾਰ ਹੋ ਗਈ ਅਤੇ ਥਾਣੇਦਾਰ ਨੇ ਸਰਪੰਚ ਦੇ ਥੱਪੜ ਮਾਰ ਦਿੱਤਾ।
ਇਸ ’ਤੇ ਇਕੱਤਰ ਹੋਏ ਲੋਕਾਂ ਅਤੇ ਪੁਲਸ ਮੁਲਾਜ਼ਮ ਵਿਚਾਲੇ ਤਲਖੀ ਵੱਧ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸੀਡ ਫਾਰਮ ਕੱਚਾ ਦੇ ਸਰਪੰਚ ਰਮਨਦੀਪ ਸਿੰਘ, ਗ੍ਰਾਮ ਪੰਚਾਇਤ ਊਧਮ ਸਿੰਘ ਨਗਰ ਦੇ ਸਰਪੰਚ ਗੁਰਦੇਵ ਸਿੰਘ, ਪਿੰਡ ਜੀਵਨ ਸਿੰਘ ਦੇ ਸਰਪੰਚ ਡਾ. ਵਿਲੀਅਮ, ਅਜੀਤ ਸਿੰਘ ਨਗਰ ਦੇ ਸਰਪੰਚ ਬਲਵੰਤ ਸਿੰਘ, ਢਾਣੀ ਕੜਾਕਾ ਸਿੰਘ ਦੇ ਸਰਪੰਚ ਸੁਖਵਿੰਦਰ ਸਿੰਘ ਅਤੇ ਸਰਪੰਚ ਰਾਣਾ ਸਣੇ ਆਲੇ-ਦੁਆਲੇ ਦੇ ਪਿੰਡਾਂ ਦੇ ਸਰਪੰਚ ਅਤੇ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ। ਇਕੱਠੇ ਹੋਏ ਲੋਕਾਂ ਨੇ ਪੁਲਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਮਗਰੋਂ ਲੋਕਾਂ ਨੇ ਪੁਲਸ ਚੌਕੀ ਦਾ ਘਿਰਾਓ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਸਿਟੀ-1 ਦੇ ਮੁਖੀ ਮਨਿੰਦਰ ਸਿੰਘ, ਸਹਾਇਕ ਥਾਣੇਦਾਰ ਭੂਪਿੰਦਰ ਸਿੰਘ ਪੁਲੀਸ ਫੋਰਸ ਨਾਲ ਘਟਨਾ ਸਥਾਨ ’ਤੇ ਪੁੱਜੇ। ਐੱਸਐੱਚਓ ਨੇ ਮੌਕੇ ’ਤੇ ਹੀ ਸਰਪੰਚ ਨੂੰ ਥੱਪੜ ਮਾਰਨ ਵਾਲੇ ਥਾਣੇਦਾਰ ਨੂੰ ਮੁਅੱਤਲ ਕਰਨ ਦਾ ਐਲਾਨ ਕੀਤਾ ਤਾਂ ਲੋਕਾਂ ਦਾ ਗੁੱਸਾ ਸ਼ਾਂਤ ਹੋਇਅ। ਇਸ ਮੌਕੇ ਐੱਸਐੱਚਓ ਨੇ ਕਿਹਾ ਕਿ ਕਾਨੂੰਨ ਸਭ ਲਈ ਬਰਾਬਰ ਹੈ।














