ਗੈਸ ਏਜੰਸੀ ਦੇ ਕਰਮਚਾਰੀ ਤੋਂ 9 ਦਿਨ ਪਹਿਲਾਂ ਹੋਈ ਲੁੱਟ ਦਾ ਪੁਲਸ ਨੇ ਕੀਤਾ ਮਾਮਲਾ ਦਰਜ

52

ਥਾਣਾ ਸਲੇਮ ਟਾਬਰੀ ਦੀ ਪੁਲਸ ਨੇ ਗੈਸ ਏਜੰਸੀ ਦੇ ਕਰਮਚਾਰੀਆਂ ਤੋਂ 9 ਦਿਨ ਪਹਿਲਾਂ ਹੋਈ ਲੁੱਟ ਦੇ ਮਾਮਲੇ ‘ਚ ਬੀਤੀ ਰਾਤ ਕਾਰਵਾਈ ਕਰਦੇ ਹੋਏ 2 ਅਣਪਛਾਣੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।

ਜਾਂਚ ਅਧਿਕਾਰੀ ਥਾਣੇਦਾਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ 9 ਮਾਰਚ ਨੂੰ ਪੁਲਸ ਨੂੰ ਸ਼ਿਕਾਇਤਕਰਤਾ ਅਮਰਜੀਤ ਯਾਦਵ ਪੁੱਤਰ ਬਿਗੂ ਯਾਦਵ ਵਾਸੀ ਇੰਦਰ ਪ੍ਰਸਥ ਨਗਰ ਗੋਗੀ ਮਾਰਕੀਟ ‘ਚ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਉ ਗੈਸ ਏਜੰਸੀ ‘ਚ ਸਿਲੰਡਰ ਸਪਲਾਈ ਕਰਨ ਦਾ ਕੰਮ ਕਰਦਾ ਹੈ। 9 ਮਾਰਚ ਨੂੰ ਉਹ ਆਪਣੇ ਆਟੋ ‘ਤੇ ਗੈਸ ਸਿਲੰਡਰ ਸਪਲਾਈ ਕਰ ਕੇ ਵਾਪਸ ਆਪਣੇ ਗੋਦਾਮ ‘ਚ ਜਾ ਰਿਹਾ ਸੀ।ਇਸ ਦੌਰਾਨ ਐਲਡੀਕੋ ਅਸਟੇਟ ਨੇੜੇ ਮੋਟਰਸਾਈਕਲ ‘ਤੇ ਸਵਾਰ 2 ਲੁਟੇਰੇ ਆਏ, ਜਿਨ੍ਹਾਂ ਨੇ ਉਸ ਨੂੰ ਲੋਹੇ ਦਾ ਦਾਤਰ ਦਿਖਾ ਕੇ ਉਸ ਤੋਂ ਜਬਰਦਸਤੀ 31000 ਦੀ ਰਕਮ ਲੁੱਟ ਕੇ ਫਰਾਰ ਹੋ ਗਏ।

ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਸ ਉਕਤ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਬੀਤੀ ਰਾਤ 2 ਅਣਪਛਾਣੇ ਲੁਟੇਰਿਆਂ ਖਿਲਾਫ ਲੁੱਟ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਸ ਉਕਤ ਇਲਾਕੇ ‘ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ। ਜਲਦ ਹੀ ਦੋਵਾਂ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਕੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।