ਮਨਪ੍ਰੀਤ ਸਿੰਘ ਇਯਾਲੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਵੱਡੀ ਗਿਣਤੀ ਵਿਚ ਦਾਖਾ ਹਲਕੇ ਤੋਂ ਆਗੂਆਂ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਵਿਚ ਭਰੋਸਾ ਜਤਾਇਆ। ਦਾਖਾ ਹਲਕੇ ਦੇ ਵੱਡੀ ਗਿਣਤੀ ਵਿਚ ਸਰਕਲ ਜਥੇਦਾਰਾਂ, ਚੇਅਰਮੈਨ, ਸਰਪੰਚਾਂ, ਵੱਖ-ਵੱਖ ਵਿੰਗਾਂ ਅਤੇ ਐਸੋਸੀਏਸ਼ਨਾਂ ਦੇ ਪ੍ਰਧਾਨਾਂ ਅਤੇ ਜ਼ਮੀਨੀ ਪੱਧਰ ਦੇ ਆਗੂਆਂ ਨੇ ਪਿੰਡ ਬਾਦਲ ਵਿਖੇ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ ਤੇ ਸਪਸ਼ਟ ਕੀਤਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਡੱਟ ਕੇ ਖੜ੍ਹੇ ਹਨ ਤੇ ਕਦੇ ਵੀ ਮਨਪ੍ਰੀਤ ਸਿੰਘ ਇਯਾਲੀ ਵਾਲੇ ਧੜੇ ਦੇ ਨਾਲ ਨਹੀਂ ਜਾਣਗੇ।
ਇਸ ਮੌਕੇ ਗੱਲਬਾਤ ਕਰਦਿਆਂ ਇਹਨਾਂ ਆਗੂਆਂ ਨੇ ਕਿਹਾ ਕਿ ਉਹਨਾਂ ਦੇ ਪੁਰਖ਼ਿਆਂ ਨੇ ਪੰਥ ਵਾਸਤੇ ਅਣਗਿਣਤ ਸ਼ਹਾਦਤਾਂ ਦਿੱਤੀਆਂ ਹਨ ਅਤੇ ਹਮੇਸ਼ਾ ਚੰਗੇ ਮਾੜੇ ਸਮੇਂ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦਿੱਤਾ ਹੈ। ਉਹਨਾਂ ਕਿਹਾ ਕਿ ਉਹ ਵੀ ਸੁਖਬੀਰ ਸਿੰਘ ਬਾਦਲ ਦੇ ਨਾਲ ਡੱਟ ਕੇ ਖੜ੍ਹੇ ਹਨ ਜੋ ਹਮੇਸ਼ਾ ਪੰਥ ਤੇ ਪੰਜਾਬ ਦੇ ਹਿੱਤਾਂ ਦੀ ਰਾਖੀ ਵਾਸਤੇ ਡਟਿਆ ਹੈ। ਇਹਨਾਂ ਆਗੂਆਂ ਨਾਲ ਗੱਲਬਾਤ ਕਰਦਿਆਂ ਬਾਦਲ ਨੇ ਇਸ ਹਮਾਇਤ ਲਈ ਉਹਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਹਮੇਸ਼ਾ ਖੇਤਰੀ ਖੁਆਹਿਸ਼ਾਂ ਦੀ ਰਾਖੀ ਵਾਸਤੇ ਡਟੇ ਰਹਿਣਗੇ ਅਤੇ ਕਦੇ ਵੀ ਸੱਤਾ ਦੇ ਲਾਲਚ ਵਿਚ ਪੰਜਾਬ ਦੇ ਹਿੱਤਾਂ ਨਾਲ ਸਮਝੌਤਾ ਨਹੀਂ ਕਰਨਗੇ।
ਇਸ ਤੋਂ ਪਹਿਲਾਂ ਧਰਮਕੋਟ ਹਲਕੇ ਦੇ ਆਗੂਆਂ ਨੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਉਹ ਹਮੇਸ਼ਾ ਹੀ ਆਪਣੀ ਮਾਂ ਪਾਰਟੀ ਨਾਲ ਡਟੇ ਹਨ ਤੇ ਕਦੇ ਵੀ ਕੁਝ ਮੌਕਾਪ੍ਰਸਤਾਂ ਦੀ ਮਾੜੀ ਪ੍ਰਚਾਰ ਮੁਹਿੰਮ ਨਾਲ ਗੁੰਮਰਾਹ ਨਹੀਂ ਹੋਣਗੇ ਜੋ ਅਕਾਲੀ ਦਲ ਦੇ ਨਾਲ-ਨਾਲ ਸਿੱਖ ਸੰਸਥਾਵਾਂ ਦਾ ਨੁਕਸਾਨ ਕਰਨਾ ਚਾਹੁੰਦੇ ਹਨ। ਨਿਹਾਲਸਿੰਘ ਵਾਲਾ, ਲੰਬੀ ਤੇ ਬਾਘਾਪੁਰਾਣਾ ਦੇ ਵਰਕਰਾਂ ਨੇ ਵੀ ਸਰਦਾਰ ਬਾਦਲ ਨਾਲ ਮੁਲਾਕਾਤ ਕੀਤੀ ਅਤੇ ਅਕਾਲੀ ਦਲ ਤੇ ਉਹਨਾਂ ਦੀ ਲੀਡਰਸ਼ਿਪ ਵਿਚ ਪੂਰਨ ਭਰੋਸਾ ਪ੍ਰਗਟਾਇਆ।













