ਸ਼ਹਿਰ ਦੇ ਰੇਲਵੇ ਰੋਡ ‘ਤੇ ਸਥਿਤ ਸੜਕ ਪਿਛਲੇ ਕਈ ਸਮੇਂ ਤੋਂ ਬੇਹਾਲ ਹਾਲਤ ਵਿੱਚ ਹੈ। ਲਗਭਗ ਚਾਰ ਸਾਲ ਪਹਿਲਾਂ ਬਣੀ ਇਹ ਸੜਕ 2021 ਦੀ ਪਹਿਲੀ ਬਾਰਿਸ਼ ਵਿੱਚ ਹੀ ਟੁੱਟ-ਫੁੱਟ ਦਾ ਸ਼ਿਕਾਰ ਹੋ ਗਈ ਸੀ। ਇਨ੍ਹਾਂ ਬਦਤਰ ਹਾਲਾਤਾਂ ਕਾਰਨ ਇਲਾਕੇ ਦੇ ਰਹਿਣ ਵਾਲਿਆਂ ਅਤੇ ਦੁਕਾਨਦਾਰਾਂ ਨੂੰ ਰੋਜ਼ਾਨਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਥਾਨਕ ਦੁਕਾਨਦਾਰਾਂ ਨੇ ਕਈ ਵਾਰ ਨਗਰ ਕੌਂਸਲ ਨੂੰ ਸੜਕ ਮਰੰਮਤ ਲਈ ਸ਼ਿਕਾਇਤਾਂ ਕੀਤੀਆਂ, ਪਰ ਕੋਈ ਕਾਰਵਾਈ ਨਹੀਂ ਹੋਈ। ਥੱਕ-ਹਾਰ ਕੇ ਦੁਕਾਨਦਾਰ ਪਹਿਲਾਂ ਵੀ ਕਈ ਵਾਰ ਧਰਨਾ ਦੇ ਚੁੱਕੇ ਹਨ। ਇੱਕ ਵਾਰ ਫਿਰ, ਦੁਕਾਨਦਾਰਾਂ ਨੇ ਰੇਲਵੇ ਰੋਡ ‘ਤੇ 9 ਵਜੇ ਤੋਂ 12 ਵਜੇ ਤੱਕ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਆਵਾਜਾਈ ਨੂੰ ਵੀ ਰੋਕ ਦਿੱਤਾ ਗਿਆ। ਲੋਕਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਤੇ ਸੜਕ ਦੇ ਮਸਲੇ ਨੂੰ ਲੈ ਕੇ ਡੀ.ਸੀ. ਦਫ਼ਤਰ ਵਿੱਚ ਏ.ਡੀ.ਸੀ. ਨੂੰ ਮੰਗ ਪੱਤਰ ਵੀ ਸੌਂਪਿਆ।
ਦੁਕਾਨਦਾਰਾਂ ਨੇ ਕਿਹਾ ਕਿ ਸੜਕ ਦੀ ਮਿੱਟੀ ਦੁਕਾਨਾਂ ਵਿਚ ਆ ਜਾਂਦੀ ਹੈ ਅਤੇ ਟੁੱਟੇ ਪੱਥਰਾਂ ਕਾਰਨ ਕਈ ਵਾਰ ਦੁਕਾਨਾਂ ਦੇ ਸ਼ੀਸ਼ੇ ਵੀ ਤਕੜੀ ਤਰ੍ਹਾਂ ਟੁੱਟ ਚੁੱਕੇ ਹਨ। ਉਨ੍ਹਾਂ ਨਗਰ ਕੌਂਸਲ ਦੀ ਲਾਪਰਵਾਹੀ ਉਤੇ ਨਾਰਾਜ਼ਗੀ ਜਤਾਈ। ਏ.ਡੀ.ਸੀ. ਨੇ ਭਰੋਸਾ ਦਿਵਾਇਆ ਕਿ ਜਲਦ ਹੀ ਨਗਰ ਕੌਂਸਲ ਦੇ ਨਵੇਂ ਵਾਈਸ ਪ੍ਰਧਾਨਾਂ ਦੀ ਚੋਣ ਕਰਕੇ ਇਸ ਮੁੱਦੇ ਦਾ ਹੱਲ ਕੱਢਿਆ ਜਾਵੇਗਾ।













