ਅਵਾਰਾ ਕੁੱਤਿਆਂ ਨੇ ਲਈ 6 ਸਾਲ ਦੇ ਬੱਚੇ ਦੀ ਜਾਨ, ਪਰਿਵਾਰ ਦਾ ਰੋ-ਰੋ ਬੁਰਾ ਹਾਲ, ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ

30

ਲੁਧਿਆਣਾ ਦੇ ਤਾਜਪੁਰ ਰੋਡ ਨਜ਼ਦੀਕ ਬਾਲਾ ਜੀ ਪੁਲੀ ਦੇ ਕੋਲ ਇੱਕ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ, ਜਿੱਥੇ ਆਵਾਰਾ ਕੁੱਤਿਆਂ ਨੇ ਇੱਕ ਛੇ ਸਾਲਾ ਬੱਚੇ ਨੂੰ ਨੋਚ-ਨੋਚ ਕੇ ਮਾਰ ਦਿੱਤਾ। ਮਿਲੀ ਜਾਣਕਾਰੀ ਮੁਤਾਬਿਕ ਇਹ ਬੱਚਾ ਮੂਲ ਤੌਰ ‘ਤੇ ਬਿਹਾਰ ਦਾ ਰਹਿਣ ਵਾਲਾ ਸੀ ਅਤੇ ਆਪਣੇ ਪਰਿਵਾਰ ਨਾਲ ਬਾਲਾ ਕਲੋਨੀ ਵਿੱਚ ਰਹਿੰਦਾ ਸੀ। ਪਰਿਵਾਰਿਕ ਮੈਂਬਰਾਂ ਮੁਤਾਬਿਕ, ਬੱਚਾ ਘਰ ਦੇ ਬਾਹਰ ਖੇਡ ਰਿਹਾ ਸੀ, ਜਦ ਕਿ ਪਰਿਵਾਰਿਕ ਮੈਂਬਰ ਕੰਮ ‘ਤੇ ਗਏ ਹੋਏ ਸਨ। ਇਸ ਦੌਰਾਨ ਅਚਾਨਕ ਹੀ ਕੁੱਤਿਆਂ ਨੇ ਉਸ ‘ਤੇ ਹਮਲਾ ਕਰ ਦਿੱਤਾ।

ਬੱਚੇ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਹ ਕਈ ਸਾਲਾਂ ਤੋਂ ਇੱਥੇ ਰਹਿ ਰਹੇ ਹਨ, ਪਰ ਇਲਾਕੇ ਵਿੱਚ ਆਵਾਰਾ ਕੁੱਤਿਆਂ ਦੀ ਸਮੱਸਿਆ ਲਗਾਤਾਰ ਵਧ ਰਹੀ ਹੈ। ਹਮਲੇ ਤੋਂ ਬਾਅਦ, ਬੱਚੇ ਨੂੰ ਗੰਭੀਰ ਹਾਲਤ ਵਿੱਚ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਇਸ ਘਟਨਾ ਦੇ ਚਲ਼ ਦੇ ਇਲਾਕੇ ਦੇ ਵਿਚ ਦਹਿਸ਼ਤ ਭਰਿਆ ਮਾਹੌਲ ਹੋ ਗਿਆ ਹੈ।

ਮ੍ਰਿਤਕ ਬੱਚੇ ਦੇ ਪਰਿਵਾਰ ਨੇ ਇਸ ਮਾਮਲੇ ‘ਚ ਸਖ਼ਤ ਕਾਰਵਾਈ ਦੀ ਮੰਗ ਕਰਦੇ ਹੋਏ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਨੇ ਇਲਾਕੇ ‘ਚ ਆਵਾਰਾ ਕੁੱਤਿਆਂ ਦੀ ਵਧ ਰਹੀ ਸੰਖਿਆ ‘ਤੇ ਚਿੰਤਾ ਜ਼ਾਹਿਰ ਕਰਦਿਆਂ ਪੁਲਿਸ ਅਤੇ ਨਗਰ ਨਿਗਮ ਤੋਂ ਤੁਰੰਤ ਉਚਿੱਤ ਉਪਰਾਲੇ ਕਰਨ ਦੀ ਮੰਗ ਕੀਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਲਗਾਤਾਰ ਆਵਾਰਾ ਕੁੱਤਿਆਂ ‘ਤੇ ਕੰਟਰੋਲ ਨਾ ਕੀਤਾ ਗਿਆ ਤਾਂ ਅਜਿਹੀਆਂ ਘਟਨਾਵਾਂ ਮੁੜ ਤੋਂ ਵਾਪਰ ਸਕਦੀਆਂ ਹਨ।

ਇਸ ਮਾਮਲੇ ‘ਤੇ ਪੁਲਿਸ ਨੇ ਪਰਿਵਾਰ ਦੇ ਬਿਆਨ ਦਰਜ ਕਰ ਲਏ ਹਨ ਅਤੇ ਨਗਰ ਨਿਗਮ ਨਾਲ ਸੰਪਰਕ ਕੀਤਾ ਗਿਆ ਹੈ, ਤਾਂ ਜੋ ਇਲਾਕੇ ‘ਚ ਆਵਾਰਾ ਕੁੱਤਿਆਂ ‘ਤੇ ਨਿਯੰਤਰਨ ਲਈ ਤੁਰੰਤ ਕਾਰਵਾਈ ਕੀਤੀ ਜਾ ਸਕੇ। ਇਲਾਕਾ ਵਾਸੀਆਂ ਨੇ ਨਗਰ ਨਿਗਮ ਤੋਂ ਅਪੀਲ ਕੀਤੀ ਹੈ ਕਿ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲਿਆ ਜਾਵੇ, ਤਾਂ ਜੋ ਅੱਗੇ ਤੋਂ ਕੋਈ ਹੋਰ ਇਨਸਾਨ ਅਜਿਹੀ ਘਟਨਾ ਦਾ ਸ਼ਿਕਾਰ ਨਾ ਬਣੇ।