ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਪਟਿਆਲਾ ਵਿੱਚ 12 ਸਾਲਾ ਨਾਬਾਲਗ ਲੜਕੀ ਨਾਲ ਹੋਏ ਜਿਨਸੀ ਸ਼ੋਸ਼ਣ ਅਤੇ ਅਪਰਾਧ ਦੀ ਸਖ਼ਤ ਨਿੰਦਿਆ ਕਰਦਿਆਂ ਦੋਸ਼ੀ ਨੂੰ ਤੁਰੰਤ ਅਤੇ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ। ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਮਾਮਲਾ ਇੱਕ ਗੰਭੀਰ ਅਤੇ ਘਿਨੌਣਾ ਅਪਰਾਧ ਹੈ। ਉਨ੍ਹਾਂ ਪੀੜਤ ਪਰਿਵਾਰ ਪ੍ਰਤੀ ਸੰਵੇਦਨਾ ਜਤਾਈ ਅਤੇ ਇਹ ਯਕੀਨੀ ਬਣਾਉਣ ਲਈ ਪੁਲਿਸ ਤੇ ਪ੍ਰਸ਼ਾਸਨ ਨੂੰ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ।
ਪੀੜਤ ਨੂੰ ਸਹਾਇਤਾ ਅਤੇ ਸੁਰੱਖਿਆ
ਕਮਿਸ਼ਨ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਥਾਨਕ ਅਧਿਕਾਰੀਆਂ ਨੂੰ ਪੀੜਤ ਨੂੰ ਲੋੜੀਂਦੀ ਡਾਕਟਰੀ, ਮਨੋਵਿਗਿਆਨਕ ਅਤੇ ਕਾਨੂੰਨੀ ਸਹਾਇਤਾ ਪ੍ਰਦਾਨ ਕਰਨ ਲਈ ਤੁਰੰਤ ਕਦਮ ਚੁੱਕਣ ਦੀ ਹਦਾਇਤ ਦਿੱਤੀ ਹੈ। ਨਾਲ ਹੀ, ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹੇ ਅਪਰਾਧਾਂ ਬਾਰੇ ਜਾਗਰੂਕ ਰਹਿਣ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਤੁਰੰਤ ਸੂਚਨਾ ਪੁਲਿਸ ਜਾਂ ਸੰਬੰਧਿਤ ਅਧਿਕਾਰੀਆਂ ਨੂੰ ਦੇਣ। ਇਸ ਘਟਨਾ ਤੋਂ ਸਿੱਖਿਆ ਲੈਂਦਿਆਂ, ਮਹਿਲਾ ਕਮਿਸ਼ਨ ਨੇ ਵਿਦਿਆਰਥੀਆਂ ਦੀ ਆਵਾਜਾਈ ਲਈ ਵਰਤੇ ਜਾਣ ਵਾਲੇ ਸਾਰੇ ਵਾਹਨਾਂ ਦੀ ਬਰੀਕੀ ਨਾਲ ਜਾਂਚ ਅਤੇ ਸੁਚੱਜੇ ਢੰਗ ਨਾਲ ਦਸਤਾਵੇਜ਼ੀਕਰਨ ਕਰਨ ਦੀ ਸਿਫ਼ਾਰਸ਼ ਕੀਤੀ ਹੈ।
ਕਮਿਸ਼ਨ ਨੇ ਸੁਝਾਅ ਦਿੱਤੇ ਕਿ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ:
ਐਮਰਜੈਂਸੀ ਕਿੱਟਾਂ
ਜੀ.ਪੀ.ਐੱਸ. ਟਰੈਕਿੰਗ
ਸਪੀਡ ਮੌਨੀਟਰ
ਅੱਗ ਬੁਝਾਊ ਯੰਤਰ
ਐਮਰਜੈਂਸੀ ਨਿਕਾਸੀ ਸਹੂਲਤ
ਪੁਲਿਸ ਤਸਦੀਕਸ਼ੁਦਾ ਡਰਾਈਵਰ ਰੱਖਣਾ
ਸਮਾਜਿਕ ਸੁਰੱਖਿਆ ਅਤੇ ਬਚਾਅ ਕਦਮ
ਮਹਿਲਾ ਕਮਿਸ਼ਨ ਨੇ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਨਿਯਮਤ ਨਿਰੀਖਣ ਅਤੇ ਨਿਗਰਾਨੀ ਕਰਨੀ ਅਤਿ ਜ਼ਰੂਰੀ ਹੈ। ਚੇਅਰਪਰਸਨ ਰਾਜ ਲਾਲੀ ਗਿੱਲ ਨੇ ਆਖਿਰ ਵਿੱਚ ਕਿਹਾ, “ਇਹ ਕੇਵਲ ਇਕ ਪੀੜਤ ਦਾ ਮਾਮਲਾ ਨਹੀਂ, ਸਗੋਂ ਸਮੂਹੀ ਮਹਿਲਾਵਾਂ ਅਤੇ ਬੱਚਿਆਂ ਦੀ ਸੁਰੱਖਿਆ ਨਾਲ ਜੁੜਿਆ ਮੁੱਦਾ ਹੈ। ਮਹਿਲਾ ਕਮਿਸ਼ਨ ਹਰ ਹਾਲ ਵਿੱਚ ਨਿਆਂ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।”













