ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਦੀ ਝਲਕ, 3.64 ਕਰੋੜ ਦੇ ਵਿਕਾਸ ਕਾਰਜਾਂ ਦਾ ਉਦਘਾਟਨ

43

ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਅਧੀਨ ਵਿਦਿਅੱਕ ਅਦਾਰਿਆਂ ਦੇ ਢਾਂਚਾਗਤ ਵਿਕਾਸ ਲਈ ਹੋ ਰਹੇ ਉਪਰਾਲਿਆਂ ਦੇ ਤਹਿਤ ਵਿਧਾਇਕ ਅਤੇ ਪੰਜਾਬ ਕਾਰਜਕਾਰੀ ਪ੍ਰਧਾਨ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਬਟਾਲਾ ਸਮੇਤ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ 3 ਕਰੋੜ 64 ਲੱਖ 49 ਹਜ਼ਾਰ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ।

ਇਹ ਉਦਘਾਟਨ ਬਟਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਕੁਤਬੀਨੰਗਲ, ਸਰਕਾਰੀ ਪ੍ਰਾਇਮਰੀ ਸਕੂਲ ਅਤੇ ਸੀਨੀਅਰ ਸੈਕੰਡਰੀ ਸਕੂਲ ਕਿਲਾ ਟੇਕ ਸਿੰਘ ਵਿਖੇ ਕੀਤਾ ਗਿਆ। ਇਨ੍ਹਾਂ ਸਕੂਲਾਂ ਵਿੱਚ ਨਵੇਂ ਕਲਾਸ ਰੂਮ, ਚਾਰ ਦੀਵਾਰੀ, ਵਾਸ਼ਰੂਮ ਅਤੇ ਹੋਰ ਬੁਨਿਆਦੀ ਸਹੂਲਤਾਂ ਦਾ ਨਿਰਮਾਣ ਕੀਤਾ ਗਿਆ ਹੈ, ਜਿਸ ਨਾਲ ਵਿਦਿਆਰਥੀਆਂ ਲਈ ਸਿੱਖਣ ਦਾ ਮਾਹੌਲ ਹੋਰ ਸੁਧਰੇਗਾ।

ਇਸ ਮੌਕੇ ਗੱਲ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਦੱਸਿਆ ਕਿ ਇਹ ਸਾਰੇ ਉਪਰਾਲੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਆਗਵਾਈ ਹੇਠ ਸੰਭਵ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਸੂਬੇ ਦੇ ਲਗਭਗ 12,000 ਸਰਕਾਰੀ ਸਕੂਲਾਂ ਦੀ ਰੂਪ ਰੇਖਾ ਨਵੀਂ ਤਕਨੀਕ, ਵਧੀਆ ਢਾਂਚੇ ਅਤੇ ਆਧੁਨਿਕ ਸਹੂਲਤਾਂ ਨਾਲ ਬਦਲੀ ਜਾ ਰਹੀ ਹੈ। ਸਕੂਲਾਂ ਵਿੱਚ ਵਾਈ-ਫਾਈ ਇੰਟਰਨੈੱਟ, ਨਵਾਂ ਫਰਨੀਚਰ, ਡਿਜੀਟਲ ਕਲਾਸਰੂਮ ਅਤੇ ਹੋਰ ਜ਼ਰੂਰੀ ਸਾਧਨਾਂ ਨੂੰ ਲਿਆਂਦਾ ਗਿਆ ਹੈ ਤਾਂ ਜੋ ਵਿਦਿਆਰਥੀਆਂ ਨੂੰ ਗੁਣਵੱਤਾਪੂਰਕ ਸਿੱਖਿਆ ਮਿਲ ਸਕੇ।