ਪੰਜਾਬ ਦੇ ਇਸ ਪਿੰਡ ‘ਚ ਅਜੇ ਵੀ ਹੱਥੀ ਕਟਾਈ ਦੀ ਰਵਾਇਤ ਜਿੰਦਾ, ਮਸ਼ੀਨੀ ਯੁੱਗ ਵਿਚ ਵੀ ਦੋ ਬਜ਼ੁਰਗਾਂ ਨੇ ਸੰਭਾਲਿਆ ਪੁਰਖਿਆਂ ਦਾ ਕਿੱਤਾ

31

ਜਿੱਥੇ ਇੱਕ ਪਾਸੇ ਮਸ਼ੀਨਾਂ ਦੇ ਯੁੱਗ ਨੇ ਖੇਤੀਬਾੜੀ ਦੇ ਕੰਮਾਂ ਨੂੰ ਤੇਜ਼ ਅਤੇ ਆਸਾਨ ਬਣਾ ਦਿੱਤਾ ਹੈ, ਉੱਥੇ ਹੀ ਸੰਗਰੂਰ ਦੇ ਨਮੋਲ ਪਿੰਡ ਦੇ ਦੋ ਬਜ਼ੁਰਗ ਅਜੇ ਵੀ ਕਣਕ ਦੀ ਹੱਥੀ ਕਟਾਈ ਕਰਦੇ ਹੋਏ ਪੁਰਾਤਨ ਵਿਰਸੇ ਨੂੰ ਜਿੰਦਾ ਰੱਖੇ ਹੋਏ ਹਨ।

ਇਹ ਦੋ ਬਾਬੇ ਹਰ ਸਵੇਰੇ 5 ਵਜੇ ਖੇਤ ਵਿੱਚ ਪਹੁੰਚ ਜਾਂਦੇ ਹਨ ਅਤੇ ਆਪਣੀ ਦੋ ਏਕੜ ਜ਼ਮੀਨ ਦੀ ਕਟਾਈ ਆਪਣੇ ਹੱਥੀਂ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਭਾਵੇਂ ਅੱਜ ਮਸ਼ੀਨਾਂ ਦਾ ਦੌਰ ਹੈ ਪਰ ਉਹ ਆਪਣੇ ਪੁਰਖਿਆਂ ਦੇ ਕਿੱਤੇ ਨੂੰ ਨਹੀਂ ਭੁਲਾਏ। ਉਨ੍ਹਾਂ ਨੇ ਕਿਹਾ, “ਅਸੀਂ ਪਹਿਲੇ ਦਿਨ ਤੋਂ ਹੀ ਹੱਥੀ ਕਟਾਈ ਕਰਦੇ ਆ ਰਹੇ ਹਾਂ। ਇਹ ਸਾਡੀ ਰਵਾਇਤ ਹੈ, ਜੋ ਸਾਨੂੰ ਆਪਣੇ ਵੱਡਿਆਂ ਤੋਂ ਮਿਲੀ ਹੈ।”

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਹੱਥੀ ਕਟਾਈ ਨਾਲ ਮਿਲਣ ਵਾਲੀ ਕਣਕ ਸਾਫ-ਸੁਥਰੀ ਹੁੰਦੀ ਹੈ ਅਤੇ ਪਸ਼ੂਆਂ ਲਈ ਤੂੜੀ ਵੀ ਰੇਤ ਤੋਂ ਰਹਿਤ ਬਣਦੀ ਹੈ। ਉਨ੍ਹਾਂ ਨੇ ਅਫ਼ਸੋਸ ਜਤਾਇਆ ਕਿ ਅੱਜ ਦੇ ਸਮੇਂ ਵਿੱਚ ਕੋਈ ਵੀ ਹੱਥੀ ਕੰਮ ਕਰਨਾ ਨਹੀਂ ਚਾਹੁੰਦਾ, ਜਦਕਿ ਪਹਿਲਾਂ ਪਿੰਡ ਦੇ ਲੋਕ ਇਕੱਠੇ ਹੋ ਕੇ ਕਟਾਈ ਕਰਦੇ ਸਨ।

ਇਹ ਦ੍ਰਿਸ਼ ਸਿਰਫ਼ ਇੱਕ ਖੇਤੀਬਾੜੀ ਦੀ ਕਾਰਵਾਈ ਨਹੀਂ, ਸਗੋਂ ਵਿਰਸੇ ਦੀ ਸਾਂਭ ਅਤੇ ਮਾਣ ਵਾਲੀ ਗੱਲ ਹੈ। ਜਦੋਂ ਹਰ ਪਾਸੇ ਮਸ਼ੀਨੀਕਰਨ ਨੇ ਰਵਾਇਤਾਂ ਨੂੰ ਪਿੱਛੇ ਛੱਡ ਦਿੱਤਾ ਹੈ, ਨਮੋਲ ਪਿੰਡ ਦੇ ਇਹ ਬਜ਼ੁਰਗ ਇਨਸਾਨੀ ਮਿਹਨਤ ਅਤੇ ਜੁੜਾਅ ਦੀ ਮਿਸਾਲ ਬਣੇ ਹੋਏ ਹਨ।