Assam Coal Mine Tragedy: ਆਸਾਮ ਦੀ ਖਾਨ ‘ਚ ਫਸੇ 3 ਹੋਰ ਮਾਈਨਰਾਂ ਦੀਆਂ ਲਾਸ਼ਾਂ ਬਰਾਮਦ, 4 ਤੱਕ ਪਹੁੰਚੀ ਮਰਨ ਵਾਲਿਆਂ ਦੀ ਗਿਣਤੀ

29

ਆਸਾਮ ਦੇ ਦੀਮਾ ਹਸਾਓ ਜ਼ਿਲ੍ਹੇ ਵਿੱਚ ਇੱਕ ਕੋਲੇ ਦੀ ਖਾਨ ਵਿੱਚ ਫਸੇ ਤਿੰਨ ਹੋਰ ਮਾਈਨਰਾਂ ਦੀਆਂ ਲਾਸ਼ਾਂ ਸ਼ਨੀਵਾਰ ਨੂੰ ਇੱਕ ਬਚਾਅ ਮੁਹਿੰਮ ਦੌਰਾਨ ਬਰਾਮਦ ਕੀਤੀਆਂ ਗਈਆਂ। ਇਹ ਜਾਣਕਾਰੀ ਦਿੰਦਿਆਂ ਇਕ ਅਧਿਕਾਰੀ ਨੇ ਦੱਸਿਆ ਕਿ ਹੁਣ ਤੱਕ ਚਾਰ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਬੁੱਧਵਾਰ ਨੂੰ ਪਹਿਲੀ ਲਾਸ਼ ਨੂੰ ਬਾਹਰ ਕੱਢਿਆ ਗਿਆ। ਉਨ੍ਹਾਂ ਦੱਸਿਆ ਕਿ ਇਹ ਚਾਰੇ ਖਣਨ ਉਨ੍ਹਾਂ ਨੌਂ ਮਜ਼ਦੂਰਾਂ ਵਿੱਚੋਂ ਸਨ ਜੋ 6 ਜਨਵਰੀ ਨੂੰ ਉਮਰਾਂਗਸੋ ਵਿਖੇ ਸਥਿਤ ਖਾਨ ਵਿੱਚ ਅਚਾਨਕ ਹੜ੍ਹ ਆਉਣ ਕਾਰਨ ਫਸ ਗਏ ਸਨ।

ਅਧਿਕਾਰੀ ਨੇ ਕਿਹਾ, ‘‘ਬਚਾਅ ਮੁਹਿੰਮ ਅੱਜ ਫਿਰ ਤੋਂ ਸ਼ੁਰੂ ਕੀਤੀ ਗਈ ਅਤੇ ਫਸੇ ਹੋਏ ਮਾਈਨਰਾਂ ਦੀ ਭਾਲ ਦੇ ਛੇਵੇਂ ਦਿਨ ਤਿੰਨ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਨੇਪਾਲ ਤੋਂ ਇਕ ਮਾਈਨਰ ਦੀ ਲਾਸ਼ 8 ਜਨਵਰੀ ਨੂੰ ਬਰਾਮਦ ਹੋਈ ਸੀ। ਉਨ੍ਹਾਂ ਦੱਸਿਆ ਕਿ ਦਿਨ ਵੇਲੇ ਜਿਨ੍ਹਾਂ ਤਿੰਨ ਮਾਈਨਰਾਂ ਦੀਆਂ ਲਾਸ਼ਾਂ ਖੱਡ ਵਿੱਚੋਂ ਬਰਾਮਦ ਕੀਤੀਆਂ ਗਈਆਂ ਸਨ, ਉਨ੍ਹਾਂ ਦੀ ਪਛਾਣ ਦੀਮਾ ਹਸਾਓ ਜ਼ਿਲ੍ਹੇ ਦੇ ਲੀਗੇਨ ਮਗਰ (27), ਕੋਕਰਾਝਾਰ ਜ਼ਿਲ੍ਹੇ ਦੇ ਖੁਸ਼ੀ ਮੋਹਨ ਰਾਏ (57) ਅਤੇ ਸੋਨਿਤਪੁਰ ਜ਼ਿਲ੍ਹੇ ਦੇ ਸ਼ਰਤ ਗੋਯਾਰੀ (37) ਵਜੋਂ ਹੋਈ ਹੈ .

ਅਧਿਕਾਰੀ ਨੇ ਦੱਸਿਆ ਕਿ ਦੋ ਦਿਨਾਂ ਤੱਕ ਖਾਨ ਵਿੱਚੋਂ ਪਾਣੀ ਕੱਢਣ ਤੋਂ ਬਾਅਦ ਲਾਸ਼ਾਂ ਪਾਣੀ ਵਿੱਚ ਤੈਰਦੀਆਂ ਮਿਲੀਆਂ। ਉਨ੍ਹਾਂ ਕਿਹਾ ਕਿ ਫੌਜ, ਜਲ ਸੈਨਾ ਅਤੇ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨਡੀਆਰਐਫ) ਦੇ ਗੋਤਾਖੋਰਾਂ ਨੇ ਲਾਸ਼ਾਂ ਨੂੰ ਬਾਹਰ ਕੱਢਿਆ।

ਮੁੱਖ ਮੰਤਰੀ ਨੇ ਦਾਅਵਾ ਕੀਤਾ ਸੀ ਕਿ ਇਹ ਖਾਨ 12 ਸਾਲ ਪਹਿਲਾਂ ਬੰਦ ਹੋ ਗਈ ਸੀ ਅਤੇ ਤਿੰਨ ਸਾਲ ਪਹਿਲਾਂ ਤੱਕ ਇਹ ਅਸਾਮ ਮਿਨਰਲ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਅਧੀਨ ਸੀ। ਸ਼ਰਮਾ ਨੇ ਸ਼ੁੱਕਰਵਾਰ ਰਾਤ ਨੂੰ ਕਿਹਾ ਸੀ, ‘ਇਹ ਕੋਈ ਗੈਰ-ਕਾਨੂੰਨੀ ਖਾਨ ਨਹੀਂ ਸੀ, ਪਰ ਇਹ ਬੰਦ ਸੀ। ਉਸ ਦਿਨ ਮਾਈਨਰ ਪਹਿਲੀ ਵਾਰ ਕੋਲਾ ਕੱਢਣ ਲਈ ਖਾਨ ਵਿੱਚ ਦਾਖ਼ਲ ਹੋਏ ਸਨ। ਉਨ੍ਹਾਂ ਦੱਸਿਆ ਕਿ ਮਾਈਨਿੰਗ ਕਰਨ ਵਾਲੇ ਮੁਖੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਘਟਨਾ ਵਿੱਚ ਦੀਮਾ ਹਸਾਓ ਆਟੋਨੋਮਸ ਕੌਂਸਲ ਦੇ ਮੁੱਖ ਕਾਰਜਕਾਰੀ ਮੈਂਬਰ (ਸੀਈਐਮ) ਦੇਬੋਲਾਲ ਗੋਰਲੋਸਾ ਦੇ ਪਰਿਵਾਰਕ ਮੈਂਬਰ ਦੀ ਕਥਿਤ ਸ਼ਮੂਲੀਅਤ ਬਾਰੇ ਮੁੱਖ ਮੰਤਰੀ ਨੇ ਕਿਹਾ, ‘ਇਹ ਇੱਕ ਮਨੁੱਖੀ ਦੁਖਾਂਤ ਹੈ ਅਤੇ ਸਾਨੂੰ ਇਸ ਦਾ ਸਿਆਸੀਕਰਨ ਨਹੀਂ ਕਰਨਾ ਚਾਹੀਦਾ।’ ਉਮਰਾਂਗਸੋ ਜ਼ਿਲੇ ‘ਚ ਸੋਮਵਾਰ ਨੂੰ ਕੋਲੇ ਦੀ ਖਾਨ ‘ਚ ਅਚਾਨਕ ਹੜ੍ਹ ਆਉਣ ਕਾਰਨ ਕੁੱਲ 9 ਮਾਈਨਰ ਫਸ ਗਏ।

ਇਸ ਦੌਰਾਨ ਕਾਂਗਰਸ ਸੰਸਦ ਗੌਰਵ ਗੋਗੋਈ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਮਾਈਨਿੰਗ ਤ੍ਰਾਸਦੀ ਦੀ SIT ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਅਸਾਮ ਵਿੱਚ ‘ਗੈਰ-ਕਾਨੂੰਨੀ ਮਾਈਨਿੰਗ ਬੇਰੋਕ ਜਾਰੀ ਹੈ’।ਗੋਗੋਈ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਪ੍ਰਸਤਾਵਿਤ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੂੰ ਨਾ ਸਿਰਫ਼ ਖਾਣ ਦੇ ‘ਗੈਰ-ਕਾਨੂੰਨੀ’ ਕਾਰਜਾਂ ਦੀ ਜਾਂਚ ਕਰਨੀ ਚਾਹੀਦੀ ਹੈ ਅਤੇ ਦੁਖਾਂਤ ਲਈ ਜ਼ਿੰਮੇਵਾਰ ਲੋਕਾਂ ਦੀ ਪਛਾਣ ਕਰਨੀ ਚਾਹੀਦੀ ਹੈ, ਸਗੋਂ ਵਿਆਪਕ ਮੁੱਦਿਆਂ ‘ਤੇ ਵੀ ਧਿਆਨ ਦੇਣਾ ਚਾਹੀਦਾ ਹੈ।