Canada PR: ਕੈਨੇਡਾ ‘ਚ ਛੇਤੀ PR ਲਈ ਹੁਣ ਅੰਗਰੇਜ਼ੀ ਦੇ ਨਾਲ ਇਹ ਭਾਸ਼ਾ ਸਿੱਖਣਾ ਜ਼ਰੂਰੀ!

34

ਕੈਨੇਡਾ ਵਿਚ ਪੜ੍ਹਨ ਜਾ ਰਹੇ ਭਾਰਤੀ ਵਿਦਿਆਰਥੀਆਂ ਵਿਚੋਂ ਜ਼ਿਆਦਾਤਰ ਦੀ ਕੋਸ਼ਿਸ਼ ਇਥੇ ਪਰਮਾਨੈਂਟ ਰੈਜ਼ੀਡੈਂਸੀ (PR) ਪ੍ਰਾਪਤ ਕਰਨ ਦੀ ਹੁੰਦੀ ਹੈ। ਪੀਆਰ (Canada PR) ਲਈ ਅਪਲਾਈ ਕਰਦੇ ਸਮੇਂ ਅੰਗਰੇਜ਼ੀ ਭਾਸ਼ਾ ਆਉਣਾ ਜ਼ਰੂਰੀ ਹੈ, ਕਿਉਂਕਿ ਇਸ ਦੇ ਆਧਾਰ ਉਤੇ ਹੀ ਅੰਕ (Points) ਦਿੱਤੇ ਜਾਂਦੇ ਹਨ। ਹਾਲਾਂਕਿ ਇਮੀਗ੍ਰੇਸ਼ਨ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਭਾਰਤੀ ਵਿਦਿਆਰਥੀ ਪੀਆਰ ਚਾਹੁੰਦਾ ਹੈ ਤਾਂ ਉਸ ਨੂੰ ਇਕ ਹੋਰ ਭਾਸ਼ਾ ਸਿੱਖਣੀ ਚਾਹੀਦੀ ਹੈ, ਕਿਉਂਕਿ ਕੈਨੇਡਾ ਇਸ ਸਮੇਂ ਦੋਭਾਸ਼ੀ ਵਿਦੇਸ਼ੀ ਨਾਗਰਿਕਾਂ ਨੂੰ ਵਸਾਉਣ ਉਤੇ ਜ਼ੋਰ ਦੇ ਰਿਹਾ ਹੈ, ਇਥੇ ਅਸੀਂ ਫ੍ਰੈਂਚ ਭਾਸ਼ਾ (French courses) ਦੀ ਗੱਲ ਕਰ ਰਹੇ ਹਾਂ। ਇਕ ਰਿਪੋਰਟ ਮੁਤਾਬਕ ਪੰਜਾਬ ਦੇ ਕਈ ਆਈਈਐਲਟੀਐਸ ਕੇਂਦਰਾਂ ਨੇ ਫ੍ਰੈਂਚ ਵਿੱਚ ਕੋਰਸ ਪੇਸ਼ ਕਰਨੇ ਸ਼ੁਰੂ ਕਰ ਦਿੱਤੇ ਹਨ, ਇਮੀਗ੍ਰੇਸ਼ਨ ਮਾਹਰ ਵਿਦਿਆਰਥੀਆਂ ਨੂੰ ਦੋਭਾਸ਼ੀ ਇਮੀਗ੍ਰੇਸ਼ਨ ‘ਤੇ ਕੈਨੇਡਾ ਦੇ ਵਧਦੇ ਧਿਆਨ ਦਾ ਫਾਇਦਾ ਉਠਾਉਣ ਲਈ ਭਾਸ਼ਾ ਸਿੱਖਣ ਦੀ ਸਲਾਹ ਦੇ ਰਹੇ ਹਨ।

ਦਰਅਸਲ, ਪਿਛਲੇ ਕੁਝ ਸਾਲਾਂ ਤੋਂ ਕੈਨੇਡਾ ਨੇ ਫ੍ਰੈਂਕੋਫੋਨ (ਫ੍ਰੈਂਚ ਬੋਲਣ ਵਾਲੇ ਲੋਕ) ਪ੍ਰਵਾਸੀਆਂ ਨੂੰ ਵਸਾਉਣ ਉਤੇ ਜ਼ੋਰ ਦਿੱਤਾ ਹੈ। ਖਾਸ ਤੌਰ ਉਤੇ ਉਹ ਲੋਕ ਜੋ ਕਿਊਬਿਕ ਸੂਬੇ ਤੋਂ ਬਾਹਰ ਵਸਣਾ ਚਾਹੁੰਦੇ ਹਨ। ਕਿਊਬਿਕ ਦੀ ਸਰਕਾਰੀ ਭਾਸ਼ਾ ਫ੍ਰੈਂਚ ਹੈ। ਇਸ ਕਾਰਨ ਵਿਦੇਸ਼ੀ ਵਿਦਿਆਰਥੀਆਂ ਲਈ ਫਰੈਂਚ ਸਿੱਖਣਾ ਜ਼ਰੂਰੀ ਹੋ ਗਿਆ ਹੈ, ਕਿਉਂਕਿ ਇਹ ਨਾ ਸਿਰਫ ਵਿਦਿਆਰਥੀ ਵੀਜ਼ਾ ਪ੍ਰਾਪਤ ਕਰਨ ਦੀਆਂ ਸੰਭਾਵਨਾਵਾਂ ਨੂੰ ਵਧਾਉਂਦਾ ਹੈ, ਸਗੋਂ ਸਥਾਈ ਨਿਵਾਸ ਪ੍ਰਾਪਤ ਕਰਨਾ ਵੀ ਆਸਾਨ ਬਣਾਉਂਦਾ ਹੈ। ਖਾਸ ਤੌਰ ਉਤੇ ਉਹ ਲੋਕ ਜਿਨ੍ਹਾਂ ਦੇ ‘ਪੋਸਟ-ਗ੍ਰੈਜੂਏਟ ਵਰਕ ਪਰਮਿਟ’ (PGWP) ਦੀ ਮਿਆਦ ਖਤਮ ਹੋ ਰਹੀ ਹੈ।

ਇਮੀਗ੍ਰੇਸ਼ਨ ਸਲਾਹਕਾਰਾਂ ਅਨੁਸਾਰ ਕੈਨੇਡਾ ਫਰਾਂਸੀਸੀ ਭਾਸ਼ਾ ਜਾਣਨ ਵਾਲਿਆਂ ਨੂੰ ਸਿੱਧੀ ਪੀ.ਆਰ. ਦੇ ਰਿਹਾ ਹੈ। ਇਹ ਪਹਿਲ 2028 ਤੱਕ ਜਾਰੀ ਰਹੇਗੀ। ਇੱਕ ਉੱਨਤ ਪੱਧਰ ਉਤੇ ਫ੍ਰੈਂਚ ਸਿੱਖਣਾ ਤੁਹਾਡੀ PR ਐਪਲੀਕੇਸ਼ਨ ਵਿੱਚ 63 ਅੰਕਾਂ ਤੱਕ ਦਾ ਵਾਧਾ ਕਰਦਾ ਹੈ। ਹਾਲ ਹੀ ਵਿੱਚ ਪੀਆਰ ਲਈ ਡਰਾਅ ਦਾ ਵੀ ਐਲਾਨ ਕੀਤਾ ਗਿਆ ਸੀ, ਜਿਸ ਵਿੱਚ 7000 ਵਿਦੇਸ਼ੀ ਵਿਦਿਆਰਥੀਆਂ ਨੂੰ ਸਥਾਈ ਨਿਵਾਸ ਦਿੱਤਾ ਗਿਆ ਸੀ। ਇਨ੍ਹਾਂ ਵਿੱਚੋਂ ਜ਼ਿਆਦਾਤਰ ਵਿਦਿਆਰਥੀ ਦੋਭਾਸ਼ੀ ਸਨ। ਇਹ ਵਿਦਿਆਰਥੀ ਫਰੈਂਚ ਭਾਸ਼ਾ ਚੰਗੀ ਤਰ੍ਹਾਂ ਜਾਣਦੇ ਸਨ। ਇੱਕ ਵਾਰ ਵਿੱਚ 7000 ਲੋਕਾਂ ਨੂੰ ਪਰਮਾਨੈਂਟ ਰੈਜ਼ੀਡੈਂਸੀ ਦੇਣਾ ਆਪਣੇ ਆਪ ਵਿੱਚ ਵੱਡੀ ਗੱਲ ਹੈ।

ਦਰਅਸਲ, ਕੈਨੇਡਾ ਦਾ ਉਦੇਸ਼ 2026 ਤੱਕ ਕਿਊਬਿਕ ਤੋਂ ਬਾਹਰ ਫ੍ਰੈਂਚ ਬੋਲਣ ਵਾਲੇ ਵਿਦੇਸ਼ੀ ਲੋਕਾਂ ਦੀ ਆਬਾਦੀ ਨੂੰ 8 ਫੀਸਦੀ ਤੱਕ ਵਧਾਉਣਾ ਹੈ। 2023 ਤੱਕ ਕਿਊਬਿਕ ਤੋਂ ਬਾਹਰ ਫ੍ਰੈਂਚ ਬੋਲਣ ਵਾਲੀ ਆਬਾਦੀ 6 ਪ੍ਰਤੀਸ਼ਤ ਸੀ। ਇਸ ਤਰ੍ਹਾਂ ਫਰਾਂਸੀਸੀ ਭਾਸ਼ਾ ਜਾਣਨ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਕੈਨੇਡਾ ਵਿੱਚ ਵਧੇਰੇ ਮੌਕੇ ਮਿਲਦੇ ਹਨ। ਫ੍ਰੈਂਚ ਬੋਲਣ ਵਾਲੇ ਲੋਕਾਂ ਲਈ ਨੌਕਰੀ ਦੇ ਮੌਕੇ ਵਧਦੇ ਹਨ।

ਕੈਨੇਡਾ ਦੀਆਂ ਦੋ ਸਰਕਾਰੀ ਭਾਸ਼ਾਵਾਂ ਹਨ, ਜਿਨ੍ਹਾਂ ਵਿੱਚ ਅੰਗਰੇਜ਼ੀ ਅਤੇ ਫ੍ਰੈਂਚ ਸ਼ਾਮਲ ਹਨ। ਕੈਨੇਡੀਅਨ ਸਰਕਾਰ ਨੇ ਦੋਭਾਸ਼ੀ ਵਿਅਕਤੀਆਂ ਨੂੰ ਆਕਰਸ਼ਿਤ ਕਰਨ ਉਤੇ ਵਿਸ਼ੇਸ਼ ਜ਼ੋਰ ਦਿੱਤਾ ਹੈ ਜੋ ਕਿਊਬਿਕ ਤੋਂ ਬਾਹਰ ਫ੍ਰੈਂਕੋਫੋਨ ਘੱਟ ਗਿਣਤੀ ਭਾਈਚਾਰਿਆਂ ਵਿੱਚ ਸ਼ਾਮਲ ਹੋ ਸਕਦੇ ਹਨ।