Defamation Case : ਕੰਗਨਾ ਦੇ ਵਕੀਲ ਨੇ ਬਠਿੰਡਾ ਅਦਾਲਤ ’ਚ ਨਿੱਜੀ ਪੇਸ਼ੀ ਤੋਂ ਮੰਗੀ ਛੋਟ, ਹੁਣ 5 ਜਨਵਰੀ ਨੂੰ ਹੋਵੇਗੀ ਅਗਲੀ ਸੁਣਵਾਈ

14

Sell-Aid Desk 24/7- ਮਾਣਹਾਨੀ ਮਾਮਲੇ ’ਚ ਭਾਜਪਾ ਦੀ ਸੰਸਦ ਮੈਂਬਰ ਤੇ ਫਿਲਮੀ ਅਦਾਕਾਰਾ ਕੰਗਨਾ ਰਣੌਤ ਸੋਮਵਾਰ ਨੂੰ ਬਠਿੰਡਾ ਦੀ ਅਦਾਲਤ ’ਚ ਪੇਸ਼ ਨਹੀਂ ਹੋਈ। ਅੱਜ ਕੰਗਨਾ ਦੇ ਵਕੀਲ ਉਨ੍ਹਾਂ ਵੱਲੋਂ ਅਦਾਲਤ ਵਿਚ ਪੇਸ਼ ਹੋਏ। ਅਦਾਲਤ ਨੇ ਅਗਲੀ ਪੇਸ਼ੀ 5 ਜਨਵਰੀ 2026 ਨਿਰਧਾਰਤ ਕੀਤੀ ਹੈ। ਕੰਗਨਾ ਰਣੌਤ ਵੱਲੋਂ ਉਨ੍ਹਾਂ ਦੇ ਵਕੀਲ ਨੇ ਅਦਾਲਤ ਵਿਚ ਪੇਸ਼ ਹੋਣ ਤੋਂ ਛੋਟ ਲਈ ਅਰਜ਼ੀ ਦਾਖ਼ਲ ਕੀਤੀ ਸੀ।

ਅਦਾਲਤ ਨੇ ਅਰਜ਼ੀ ਮਨਜੂਰ ਕਰ ਲਈ ਅਤੇ ਇਕ ਹੋਰ ਤਰੀਕ ਦੇ ਦਿੱਤੀ। ਬੇਬੇ ਮਹਿੰਦਰ ਕੌਰ ਦੇ ਵਕੀਲ ਰਘੁਬੀਰ ਸਿੰਘ ਬਹਿਣੀਵਾਲ ਨੇ ਕਿਹਾ ਕਿ ਰਣੌਤ ਦੇ ਵਕੀਲ ਨੇ ਪੇਸ਼ ਹੋਣ ਤੋਂ ਛੋਟ ਦੀ ਬੇਨਤੀ ਕੀਤੀ ਸੀ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਵੱਲੋਂ 5 ਜਨਵਰੀ 2026 ਤੋਂ ਪਹਿਲਾਂ ਗਵਾਹ ਪੇਸ਼ ਕੀਤੇ ਜਾਣਗੇ ਅਤੇ ਛੋਟ ਦੀ ਅਰਜ਼ੀ ’ਤੇ ਬਹਿਸ ਕੀਤੀ ਜਾਵੇਗੀ। 4 ਦਸੰਬਰ ਨੂੰ ਇਸ ਮਾਮਲੇ ਵਿਚ ਦੋ ਲੋਕਾਂ ਨੇ ਗਵਾਹੀ ਦਿੱਤੀ ਸੀ।

ਬਹਿਣੀਵਾਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਕੁੱਝ ਸਬੂਤ ਪੇਸ਼ ਕੀਤੇ ਗਏ ਹਨ ਅਤੇ ਅਦਾਲਤ ਨੂੰ ਕੰਗਨਾ ਰਣੌਤ ਦੀ ਨਿੱਜੀ ਪੇਸ਼ੀ ਯਕੀਨੀ ਬਣਾਉਣ ਦੀ ਬੇਨਤੀ ਕੀਤੀ ਹੈ। ਮਹਿੰਦਰ ਕੌਰ ਨੇ ਕਿਹਾ ਕਿ ਉਹ ਪਿਛਲੇ ਚਾਰ ਸਾਲਾਂ ਤੋਂ ਇਨਸਾਫ਼ ਦੀ ਮੰਗ ਕਰ ਰਹੀ ਹੈ ਅਤੇ ਕੰਗਨਾ ਨੂੰ ਮਾਫ਼ ਨਹੀਂ ਕਰੇਗੀ। ਰਣੌਤ ਨੇ ਹਾਲ ਹੀ ਵਿਚ ਸੁਪਰੀਮ ਕੋਰਟ ਵਿਚ ਕੇਸ ਖਾਰਜ ਕਰਨ ਦੀ ਅਪੀਲ ਕੀਤੀ ਸੀ ਪਰ ਸੁਪਰੀਮ ਕੋਰਟ ਨੇ ਇਸ ਨੂੰ ਖਾਰਜ ਕਰ ਦਿੱਤਾ। ਇਸ ਤੋਂ ਬਾਅਦ ਬਠਿੰਡਾ ਅਦਾਲਤ ਨੇ ਉਸ ਨੂੰ ਦੁਬਾਰਾ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਸਨ।