ਭਾਰਤ ਅਤੇ ਇੰਗਲੈਂਡ ਵਿਚਾਲੇ ਐਤਵਾਰ ਨੂੰ ਕਟਕ ‘ਚ ਹੋਣ ਵਾਲੇ ਦੂਜੇ ਵਨਡੇ ‘ਚ ਟੀਮ ਦਾ ਧਿਆਨ ਕਪਤਾਨ ਰੋਹਿਤ ਸ਼ਰਮਾ ਦੀ ਫਾਰਮ ਦੇ ਨਾਲ-ਨਾਲ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਦੀ ਫਿਟਨੈੱਸ ‘ਤੇ ਹੋਵੇਗਾ।ਕੋਹਲੀ ਸੱਜੇ ਗੋਡੇ ‘ਚ ਸੋਜ ਕਾਰਨ ਪਹਿਲੇ ਮੈਚ ‘ਚ ਨਹੀਂ ਖੇਡ ਸਕੇ ਸਨ, ਜਿਸ ਕਾਰਨ 19 ਫਰਵਰੀ ਤੋਂ ਸ਼ੁਰੂ ਹੋਣ ਵਾਲੀ ਚੈਂਪੀਅਨਸ ਟਰਾਫੀ ਤੋਂ ਪਹਿਲਾਂ ਉਨ੍ਹਾਂ ਦੀ ਫਿਟਨੈੱਸ ਨੂੰ ਲੈ ਕੇ ਤਣਾਅ ਹੈ।
ਭਾਰਤ ਨੇ ਨਾਗਪੁਰ ‘ਚ ਪਹਿਲਾ ਵਨਡੇ ਚਾਰ ਵਿਕਟਾਂ ਨਾਲ ਜਿੱਤ ਕੇ ਤਿੰਨ ਮੈਚਾਂ ਦੀ ਸੀਰੀਜ਼ ‘ਚ ਸ਼ੁਰੂਆਤੀ ਬੜ੍ਹਤ ਬਣਾ ਲਈ ਹੈ ਅਤੇ ਉਸ ਦਾ ਟੀਚਾ ਜਿੱਤ ਦਾ ਸਿਲਸਿਲਾ ਜਾਰੀ ਰੱਖਣ ਅਤੇ ਸੀਰੀਜ਼ ਜਿੱਤਣ ਦਾ ਹੋਵੇਗਾ।ਜੇਕਰ ਕੋਹਲੀ ਫਿੱਟ ਹੋ ਕੇ ਟੀਮ ‘ਚ ਵਾਪਸੀ ਕਰਦੇ ਹਨ ਤਾਂ ਉਨ੍ਹਾਂ ਦੀ ਫਾਰਮ ‘ਤੇ ਵੀ ਧਿਆਨ ਰਹੇਗਾ ਕਿਉਂਕਿ ਉਹ ਪਿਛਲੇ ਕੁਝ ਸਮੇਂ ਤੋਂ ਦੌੜਾਂ ਬਣਾਉਣ ਲਈ ਸੰਘਰਸ਼ ਕਰ ਰਹੇ ਹਨ।
ਸਭ ਤੋਂ ਤੇਜ਼ 14 ਹਜ਼ਾਰ ਦੌੜਾਂ ਬਣਾਉਣ ਦਾ ਰਿਕਾਰਡ
ਆਸਟ੍ਰੇਲੀਆ ‘ਚ ਖਰਾਬ ਪ੍ਰਦਰਸ਼ਨ ਤੋਂ ਬਾਅਦ ਕੋਹਲੀ ਨੇ ਦਿੱਲੀ ਲਈ ਰਣਜੀ ਮੈਚ ਵੀ ਖੇਡਿਆ ਸੀ ਪਰ ਇਸ ਮੈਚ ‘ਚ ਵੀ ਉਹ ਸਿਰਫ 6 ਦੌੜਾਂ ਹੀ ਬਣਾ ਸਕੇ ਸਨ ਪਰ ਕੋਹਲੀ ਨੇ ਵਨਡੇਅ ਕ੍ਰਿਕਟ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਉਹ ਇਸ ਫਾਰਮੈਟ ‘ਚ 14 ਹਜ਼ਾਰ ਦੌੜਾਂ ਪੂਰੀਆਂ ਕਰਨ ਤੋਂ ਸਿਰਫ 94 ਦੌੜਾਂ ਦੂਰ ਹਨ। ਜੇਕਰ ਉਹ ਇਹ ਉਪਲਬਧੀ ਹਾਸਲ ਕਰ ਲੈਂਦੇ ਹਨ ਤਾਂ ਉਹ ਸਚਿਨ ਤੇਂਦੁਲਕਰ (18,426) ਅਤੇ ਕੁਮਾਰ ਸੰਗਾਕਾਰਾ (14,234) ਤੋਂ ਬਾਅਦ ਇਹ ਉਪਲਬਧੀ ਹਾਸਲ ਕਰਨ ਵਾਲੇ ਦੁਨੀਆ ਦੇ ਤੀਜੇ ਸਭ ਤੋਂ ਤੇਜ਼ ਬੱਲੇਬਾਜ਼ ਬਣ ਜਾਣਗੇ। ਸਚਿਨ ਨੇ 350 ਪਾਰੀਆਂ ‘ਚ 14 ਹਜ਼ਾਰ ਦੌੜਾਂ ਬਣਾਈਆਂ ਸਨ, ਜਦਕਿ ਕੋਹਲੀ ਨੇ ਹੁਣ ਤੱਕ ਸਿਰਫ 283 ਪਾਰੀਆਂ ਖੇਡੀਆਂ ਹਨ।
ਸੀਰੀਜ਼ ‘ਚ ਭਾਰਤ 1-0 ਦੇ ਨਾਲ ਅੱਗੇ
ਪਹਿਲਾ ਮੈਚ ਚਾਰ ਵਿਕਟਾਂ ਨਾਲ ਜਿੱਤ ਕੇ ਭਾਰਤੀ ਟੀਮ ਨੇ ਸੀਰੀਜ਼ ‘ਚ 1-0 ਦੀ ਬੜ੍ਹਤ ਬਣਾ ਲਈ ਹੈ। ਹੁਣ ਟੀਮ ਦਾ ਟੀਚਾ ਬਾਰਾਬਤੀ ਸਟੇਡੀਅਮ ‘ਚ ਹੀ ਸੀਰੀਜ਼ ‘ਤੇ ਕਬਜ਼ਾ ਕਰਨਾ ਹੋਵੇਗਾ। ਜਿੱਥੋਂ ਤੱਕ ਜੋਸ ਬਟਲਰ ਦੀ ਅਗਵਾਈ ਵਾਲੀ ਇੰਗਲੈਂਡ ਦੀ ਟੀਮ ਦਾ ਸਵਾਲ ਹੈ, ਉਸ ਨੂੰ ਸੀਰੀਜ਼ ਨੂੰ ਬਰਕਰਾਰ ਰੱਖਣ ਲਈ ਕਿਸੇ ਵੀ ਕੀਮਤ ‘ਤੇ ਇਹ ਮੈਚ ਜਿੱਤਣਾ ਹੋਵੇਗਾ। ਇਸ ਦੇ ਬੱਲੇਬਾਜ਼ਾਂ ਨੂੰ ਵੀ ਆਪਣਾ ਹਮਲਾਵਰ ਰਵੱਈਆ ਘਟਾ ਕੇ ਸਖਤ ਕ੍ਰਿਕਟ ਖੇਡਣੀ ਪਵੇਗੀ, ਇਸ ਦੇ ਬੱਲੇਬਾਜ਼ਾਂ ਨੂੰ ਭਾਰਤੀ ਸਪਿਨ ਗੇਂਦਬਾਜ਼ਾਂ ਤੋਂ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਇੱਥੋਂ ਦੀ ਪਿੱਚ ਹੌਲੀ ਗੇਂਦਬਾਜ਼ਾਂ ਦੀ ਮਦਦ ਕਰਨ ਦੀ ਸੰਭਾਵਨਾ ਹੈ।














