Sell-Aid Desk24/7- ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ‘ਚ ਵਿਦਿਆਰਥੀ ਚੋਣਾਂ ਦੇ ਨਤੀਜੇ ਆ ਗਏ ਹਨ। ਪੰਜਾਬ ਯੂਨੀਵਰਸਿਟੀ ਚੋਣਾਂ ‘ਚ ਪਹਿਲੀ ਵਾਰ ABVP ਦੀ ਵੱਡੀ ਜਿੱਤ ਹੋ ਗਈ ਹੈ ਤੇ ਗੌਰਵ ਵੀਰ ਸੋਹਲ PU ਦੇ ਨਵੇਂ ਪ੍ਰਧਾਨ ਬਣੇ ਹਨ। ਗੌਰਵ ਵੀਰ ਸੋਹਲ, ਜੋ ਕਿ ਕਾਨੂੰਨ ਵਿਭਾਗ (Department of Laws) ਤੋਂ ਇੱਕ ਖੋਜ ਵਿਦਵਾਨ (Research Scholar) ਹਨ, ਪਿਛਲੇ ਕਈ ਸਾਲਾਂ ਤੋਂ ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਦੀਆਂ ਮੰਗਾਂ ਨੂੰ ਯੂਨੀਵਰਸਿਟੀ ਪ੍ਰਸ਼ਾਸਨ ਤੱਕ ਪਹੁੰਚਾਉਣ ਲਈ ਸਰਗਰਮੀ ਨਾਲ ਕੰਮ ਕਰ ਰਹੇ ਹਨ।
ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ABVP) ਨੇ ਗੌਰਵ ਵੀਰ ਸੋਹਲ ਨੂੰ ਪੰਜਾਬ ਯੂਨੀਵਰਸਿਟੀ ਕੈਂਪਸ ਵਿਦਿਆਰਥੀ ਪ੍ਰੀਸ਼ਦ (PUCSC) ਚੋਣਾਂ 2025 ਵਿੱਚ ਪ੍ਰਧਾਨ ਅਹੁਦੇ ਲਈ ਆਪਣਾ ਉਮੀਦਵਾਰ ਐਲਾਨਿਆ ਸੀ। ਇਹ ਐਲਾਨ ਏਬੀਵੀਪੀ ਦੇ ਰਾਸ਼ਟਰੀ ਮੰਤਰੀ ਰਾਹੁਲ ਰਾਣਾ ਨੇ ਸੀਨੀਅਰ ਅਹੁਦੇਦਾਰਾਂ ਅਤੇ ਵਿਦਿਆਰਥੀ ਕਾਰਕੁਨਾਂ ਦੀ ਮੌਜੂਦਗੀ ਵਿੱਚ ਕੀਤਾ ਸੀ।
ਦੱਸ ਦੇਈਏ ਕਿ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਵਿੱਚ ਅੱਜ ਭਾਰੀ ਮੀਂਹ ਦੌਰਾਨ ਵਿਦਿਆਰਥੀ ਯੂਨੀਅਨ ਦੇ ਕਈ ਅਹੁਦਿਆਂ ਲਈ ਚੋਣਾਂ ਹੋਈਆਂ ਸਨ। ਜਿਸ ‘ਚ ਹਜ਼ਾਰਾਂ ਵਿਦਿਆਰਥੀਆਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਪ੍ਰਧਾਨ ਦੇ ਅਹੁਦੇ ਲਈ 8 ਉਮੀਦਵਾਰ ਮੈਦਾਨ ਵਿੱਚ ਸਨ। ਕੈਂਪਸ ਦਾ ਮਾਹੌਲ ਰਾਜਨੀਤਿਕ ਰੰਗਾਂ ਵਿੱਚ ਡੁੱਬਿਆ ਹੋਇਆ ਸੀ।
ਸੁਰੱਖਿਆ ਲਈ ਯੂਨੀਵਰਸਿਟੀ ਨੂੰ ਪੁਲਿਸ ਛਾਉਣੀ ਵਿੱਚ ਬਦਲ ਦਿੱਤਾ ਗਿਆ ਸੀ। ਕੈਂਪਸ ਵਿੱਚ 11 ਡੀਐਸਪੀ, 10 ਐਸਐਚਓ, 10 ਇੰਸਪੈਕਟਰ, 9 ਚੌਕੀ ਇੰਚਾਰਜ ਅਤੇ 988 ਪੁਲਿਸ ਕਰਮਚਾਰੀ ਤਾਇਨਾਤ ਸਨ। ਚੰਡੀਗੜ੍ਹ ਦੀ ਐਸਐਸਪੀ ਕੰਵਰਦੀਪ ਕੌਰ ਨੇ ਖੁਦ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਕੀਤੀ। ਹਾਲਾਂਕਿ ਗੇਟ ‘ਤੇ ਤਾਇਨਾਤ ਪੁਲਿਸ ਫੋਰਸ ਕਾਰਨ ਆਸ ਪਾਸ ਟ੍ਰੈਫਿਕ ਜਾਮ ਹੋ ਗਿਆ ਅਤੇ ਲੋਕ ਫਸੇ ਰਹੇ।














