ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ 2025-26 ਲਈ ਬਜਟ ਪੇਸ਼ ਕੀਤਾ ਹੈ। ਪੰਜਾਬ ਸਰਕਾਰ ਨੇ 2,30,080 ਕਰੋੜ ਦੇ ਅਨੁਮਾਨਾਂ ਵਾਲਾ ਬਜਟ ਪੇਸ਼ ਕੀਤਾ ਹੈ। ਵਿੱਤ ਮੰਤਰੀ ਨੇ ਬਜਟ ਭਾਸ਼ਣ ਦੌਰਾਨ ਕਿਹਾ ਕਿ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਸਮੁੱਚਾ ਪੰਜਾਬ ਕਵਰ ਹੋਵੇਗਾ ਤੇ ਹਰੇਕ ਪਰਿਵਾਰ ਨੂੰ ਸਕੀਮ ਦਾ ਲਾਭ ਮਿਲੇਗਾ।
ਯੋਜਨਾ ਤਹਿਤ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ ਮਿਲੇਗੀ। ਬਜਟ ਵਿਚ ਪਹਿਲੀ ਡਰੱਗ ਸੈਂਸਿਜ਼ ਸ਼ੁਰੂ ਕਰਨ ਸਮੇਤ ਹੋਰ ਕਈ ਐਲਾਨ ਕੀਤੇ ਗਏ ਹਨ। ਸਿੱਖਿਆ ਲਈ 12 ਫੀਸਦ ਦੇ ਵਾਧੇ ਨਾਲ 17,975 ਕਰੋੜ ਦਾ ਬਜਟ ਰੱਖਿਆ ਗਿਆ ਹੈ। ਖੇਤੀ ਸੈਕਟਰ ਲਈ 14524 ਕਰੋੜ ਰੁਪਏ ਤੇ 300 ਯੂਨਿਟ ਮੁਫ਼ਤ ਬਿਜਲੀ ਲਈ 7614 ਕਰੋੜ ਰੱਖੇ ਗਏ ਹਨ। ਖੇਤੀ ਸੈਕਟਰ ਦੀ ਬਿਜਲੀ ਸਬਸਿਡੀ ਲਈ 9992 ਕਰੋੜ ਰਾਖਵੇਂ ਰੱਖੇ ਗਏ ਹਨ।
ਉਮੀਦ ਕੀਤੀ ਜਾ ਰਹੀ ਸੀ ਕਿ ਇਸ ਵਾਰ ਸਰਕਾਰ ਆਪਣੀ ਚੋਣ ਗਰੰਟੀ ਪੂਰੀ ਕਰੇਗੀ ਅਤੇ ਔਰਤਾਂ ਨੂੰ 1100-1100 ਰੁਪਏ ਬਾਰੇ ਐਲਾਨ ਹੋਵੇਗਾ। ਪਰ ਸਰਕਾਰ ਨੇ ਬਜਟ ਵਿਚ ਇਸ ਬਾਰੇ ਕੋਈ ਗੱਲ ਨਹੀਂ ਕੀਤੀ। ਹਾਲਾਂਕਿ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿੱਤ ਮੰਤਰੀ ਨੇ ਆਖਿਆ ਹੈ ਕਿ ਪੰਜਾਬ ਸਰਕਾਰ ਵੱਲੋਂ 5 ਗਾਰੰਟੀਆ ਦਿੱਤੀਆਂ ਗਈਆਂ ਸਨ ਜਿਸ ਵਿਚੋਂ ਅਸੀਂ 4 ਪੂਰੀਆਂ ਕਰ ਚੁੱਕੇ ਹਾਂ ਅਤੇ ਜਲਦ ਹੀ ਇਹ ਗਰੰਟੀ ਵੀ ਪੂਰੀ ਕੀਤੀ ਜਾਵੇਗੀ।













