Punjab News: ਹੁਣ ਆਨਲਾਈਨ ਕੱਟੇ ਜਾਣਗੇ ਚਲਾਨ..ਫੋਟੋ ਸਣੇ ਤੁਹਾਡੇ ਘਰ ਆਵੇਗਾ ਚਲਾਨ !

16

ਪੰਜਾਬ ਵਿੱਚ ਹੁਣ ਜੇਕਰ ਕੋਈ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਚਲਾਨ ਜਾਰੀ ਕੀਤਾ ਜਾਵੇਗਾ ਅਤੇ ਸਿੱਧਾ ਉਨ੍ਹਾਂ ਦੇ ਘਰ ਭੇਜਿਆ ਜਾਵੇਗਾ। CM ਭਗਵੰਤ ਮਾਨ ਵੱਲੋਂ ਅੱਜ ਮੋਹਾਲੀ ਵਿੱਚ 21 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਿਤ ਸ਼ਹਿਰ ਦੀ ਨਿਗਰਾਨੀ ਪ੍ਰਣਾਲੀ ਅਤੇ ਆਵਾਜਾਈ ਪ੍ਰਬੰਧਨ ਪ੍ਰਣਾਲੀ (ਪੜਾਅ-1) ਦਾ ਉਦਘਾਟਨ ਕੀਤਾ। ਇਸ ਸਿਸਟਮ ਦੇ ਸ਼ੁਰੂ ਹੋਣ ਤੋਂ ਬਾਅਦ ਹੁਣ ਮੋਹਾਲੀ ਦੀਆਂ ਸਾਰੀਆਂ ਸੜਕਾਂ ਪੁਲਿਸ ਨਿਗਰਾਨੀ ਹੇਠ ਹੋਣਗੀਆਂ। ਇਸ ਤੋਂ ਇਲਾਵਾ ਚੰਡੀਗੜ੍ਹ ਦੀ ਤਰਜ਼ ‘ਤੇ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਈ-ਚਲਾਨ ਜਾਰੀ ਕੀਤੇ ਜਾਣਗੇ।

ਉਨ੍ਹਾਂ ਕਿਹਾ ਕਿ ਅੱਜ ਤੋਂ ਪੰਜਾਬ ਵਿਚ ਆਨਲਾਈਨ ਚਲਾਨ ਕੱਟੇ ਜਾਣਗੇ। ਹੁਣ AI ਨਾਲ ਲਿੰਕ 19 ਪੁਆਇੰਟਾਂ ’ਤੇ ਕੁੱਲ 351 ਕੈਮਰੇ ਲਗਾਏ ਜਾਣਗੇ। ਇਹ ਨਿਯਮ ਪੈਸੇ ਕਮਾਉਣ ਲਈ ਨਹੀਂ ਤੁਹਾਡੀ ਜ਼ਿੰਦਗੀ ਬਚਾਉਣ ਲਈ ਬਣਾਏ ਗਏ ਹਨ। ਜਾਨ ਮਾਲ ਦੀ ਰੱਖਿਆ ਕਰਨਾ ਸਰਕਾਰ ਦਾ ਕੰਮ ਹੁੰਦਾ ਹੈ।

ਮੁੱਖ ਮੰਤਰੀ ਨੇ ਇਹ ਪ੍ਰਗਟਾਵਾ ਮੁਹਾਲੀ ਦੇ ਸੈਕਟਰ 79 ਵਿੱਚ ਸਥਿਤ ਸੋਹਾਣਾ ਥਾਣੇ ਦੀ ਨਵੀਂ ਇਮਾਰਤ ਵਿੱਚ ਇੱਕ ਕੰਟਰੋਲ ਰੂਮ ਸਥਾਪਤ ਕਰਨ ਵੇਲੇ ਕੀਤਾ। ਜਿੱਥੋਂ 24 ਘੰਟੇ ਟਰੈਫ਼ਿਕ ਉੱਤੇ ਨਿਗਰਾਨੀ ਕੀਤੀ ਜਾਵੇਗੀ। ਪਹਿਲੇ ਪੜਾਅ ਵਿੱਚ, ਇਹ ਸਿਸਟਮ ਸ਼ਹਿਰ ਦੇ 20 ਪ੍ਰਮੁੱਖ ਚੌਰਾਹਿਆਂ/ਸਥਾਨਾਂ ‘ਤੇ ਸਥਾਪਤ ਕੀਤਾ ਜਾਵੇਗਾ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹੁਣ ਇਹ ਨਾ ਸੋਚਿਓ ਕਿ ਪੁਲਿਸ ਨਹੀਂ ਖੜ੍ਹੀ ਅਤੇ ਲਾਈਟਾਂ ਟੱਪ ਗਏ, ਹੁਣ ਲਾਈਟਾਂ ਹੀ ਪੁਲਿਸ ਹਨ, ਹੁਣ ਚਲਾਨ ਫੋਟੋ ਸਣੇ ਤੁਹਾਡੇ ਘਰ ਆਵੇਗਾ।