ਮੌਸਮ ਵਿਭਾਗ ਨੇ ਅੱਜ ਨਵੀਂ ਚਿਤਾਵਨੀ ਜਾਰੀ ਕੀਤੀ ਹੈ। ਵਿਭਾਗ ਨੇ ਕਿਹਾ ਕਿ ਦਿੱਲੀ ਸਮੇਤ ਆਸ-ਪਾਸ ਦੇ ਰਾਜਾਂ ਵਿੱਚ 9 ਅਪ੍ਰੈਲ ਤੱਕ ਭਿਆਨਕ ਗਰਮੀ ਯਾਨੀ ਹੀਟਵੇਵ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਕਿਹਾ ਕਿ ਦਿੱਲੀ, ਪੰਜਾਬ, ਉੱਤਰ ਪ੍ਰਦੇਸ਼, ਗੁਜਰਾਤ, ਪੱਛਮੀ ਅਤੇ ਪੂਰਬੀ ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ 10 ਅਪ੍ਰੈਲ ਤੱਕ ਗਰਮੀ ਦੀ ਲਹਿਰ ਜਾਰੀ ਰਹੇਗੀ।
ਹਾਲਾਂਕਿ, ਮੌਸਮ ਵਿਭਾਗ ਨੇ ਮੱਧ ਪ੍ਰਦੇਸ਼, ਅੰਡੇਮਾਨ ਨਿਕੋਬਾਰ ਅਤੇ ਅਰਬ ਸਾਗਰ ਦੀ ਜ਼ਮੀਨ ਉਤੇ ਨਾਲੋ-ਨਾਲ ਚੱਕਰਵਾਤ ਬਣਨ ਦੀ ਗੱਲ ਵੀ ਕੀਤੀ ਹੈ। ਮੌਸਮ ਵਿਭਾਗ ਅਨੁਸਾਰ ਇਨ੍ਹਾਂ ਦੇ ਪ੍ਰਭਾਵ ਹੇਠ ਆਉਣ ਵਾਲੇ ਇਲਾਕਿਆਂ ਵਿਚ ਤੇਜ਼ ਹਵਾਵਾਂ ਅਤੇ ਗਰਜ ਦੇ ਨਾਲ-ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਪ੍ਰਾਇਦੀਪ ਭਾਰਤ, ਅੰਡੇਮਾਨ ਨਿਕੋਬਾਰ, ਉੜੀਸਾ ਅਤੇ ਉੱਤਰ ਪੂਰਬ ਦੇ ਰਾਜਾਂ ਵਿੱਚ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਇਸ ਤੋਂ ਇਲਾਵਾ ਪੱਛਮੀ ਬੰਗਾਲ ਦੇ ਦੱਖਣੀ ਹਿੱਸਿਆਂ ਜੋ ਕਿ ਗੰਗਾ ਦਾ ਹਿੱਸਾ ਹੈ, ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਹੈ।
ਦੱਖਣ ਵਿੱਚ ਮੀਂਹ
ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਦੱਖਣੀ ਭਾਰਤ ਦੇ ਰਾਜਾਂ ਲਈ ਮੀਂਹ ਦਾ ਅਲਰਟ ਵੀ ਜਾਰੀ ਕੀਤਾ ਹੈ। ਮੌਸਮ ਵਿਭਾਗ ਮੁਤਾਬਕ ਇਸ ਨੂੰ ਪ੍ਰੀ-ਮਾਨਸੂਨ ਵੀ ਕਿਹਾ ਜਾ ਸਕਦਾ ਹੈ। ਅੱਜ ਅਤੇ ਕੱਲ੍ਹ ਕੇਰਲ, ਮਾਹੇ, ਅਸਾਮ, ਮੇਘਾਲਿਆ, ਤਾਮਿਲਨਾਡੂ, ਦੱਖਣੀ ਅੰਦਰੂਨੀ ਕਰਨਾਟਕ, ਅਰੁਣਾਚਲ ਪ੍ਰਦੇਸ਼, ਨਾਗਾਲੈਂਡ, ਮਨੀਪੁਰ ਅਤੇ ਤ੍ਰਿਪੁਰਾ ਵਿੱਚ ਮੀਂਹ ਪੈ ਸਕਦਾ ਹੈ।
ਚੱਕਰਵਾਤੀ ਹਵਾਵਾਂ ਦਾ ਪ੍ਰਭਾਵ
ਸਕਾਈਮੇਟ ਵੈਦਰ ਦੇ ਅਨੁਸਾਰ ਉੱਤਰੀ ਕਰਨਾਟਕ ਉੱਤੇ ਚੱਕਰਵਾਤੀ ਹਵਾਵਾਂ ਕਾਰਨ ਦੱਖਣੀ ਭਾਰਤ ਹੁਣ ਪ੍ਰੀ-ਮਾਨਸੂਨ ਗਤੀਵਿਧੀਆਂ ਦੀ ਲਪੇਟ ਵਿੱਚ ਹੈ। ਕਰਨਾਟਕ, ਕੇਰਲ, ਤਾਮਿਲਨਾਡੂ ਅਤੇ ਆਂਧਰਾ ਪ੍ਰਦੇਸ਼ ਵਿੱਚ ਲਗਭਗ ਇੱਕ ਹਫ਼ਤੇ ਤੱਕ ਭਾਰੀ ਮੀਂਹ ਅਤੇ ਗਰਜ ਨਾਲ ਮੀਂਹ ਪਵੇਗਾ। ਹਾਲਾਂਕਿ, ਮੀਂਹ ਦੀ ਤੀਬਰਤਾ ਅਤੇ ਸਥਾਨ ਵਿੱਚ ਅੰਤਰ ਹੋਵੇਗਾ। ਦੱਖਣੀ ਭਾਰਤ ਦੇ ਪੱਛਮੀ ਹਿੱਸੇ ਭਾਰੀ ਮੀਂਹ, ਤੇਜ਼ ਹਵਾਵਾਂ ਅਤੇ ਗਰਜ ਨਾਲ ਪ੍ਰਭਾਵਿਤ ਹੋਣਗੇ।
ਅਪ੍ਰੈਲ ਦੇ ਅੱਧ ਤੋਂ ਬਾਅਦ ਗਰਮੀ ਵਧੇਗੀ
ਮਾਰਚ ਦੇ ਮਹੀਨੇ, ਖਾਸ ਕਰਕੇ 10 ਤੋਂ 15 ਮਾਰਚ ਦੇ ਵਿਚਕਾਰ ਤਾਪਮਾਨ ਵਿੱਚ ਜ਼ਬਰਦਸਤ ਵਾਧਾ ਦੇਖਿਆ ਗਿਆ। ਗੁਜਰਾਤ ਅਤੇ ਰਾਜਸਥਾਨ ਦੇ ਕਈ ਹਿੱਸਿਆਂ ਵਿੱਚ ਗਰਮੀ ਦੀ ਲਹਿਰ ਤੋਂ ਲੈ ਕੇ ਭਿਆਨਕ ਗਰਮੀ ਤੱਕ ਦੇ ਹਾਲਾਤ ਪੈਦਾ ਹੋ ਗਏ ਸਨ। ਮਾਰਚ ਦੇ ਦੂਜੇ ਅੱਧ ਵਿੱਚ ਮੌਸਮ ਨੇ ਕੁਝ ਰਾਹਤ ਦਿੱਤੀ ਸੀ, ਪਰ ਅਪਰੈਲ ਕਹਿਰ ਦੀ ਗਰਮੀ ਲੈ ਕੇ ਆਇਆ ਹੈ।
ਕਈ ਸ਼ਹਿਰਾਂ ਵਿੱਚ ਤਾਪਮਾਨ 40 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ
ਸਕਾਈਮੇਟ ਵੈਦਰ ਦੇ ਅਨੁਸਾਰ ਗੁਜਰਾਤ ਦੇ ਰਾਜਕੋਟ, ਸੁਰੇਂਦਰਨਗਰ, ਭੁੱਜ, ਅਮਰੇਲੀ, ਅਹਿਮਦਾਬਾਦ ਅਤੇ ਡੀਸਾ ਵਰਗੇ ਸ਼ਹਿਰਾਂ ਵਿੱਚ ਪਾਰਾ ਪਹਿਲਾਂ ਹੀ 40 ਡਿਗਰੀ ਸੈਲਸੀਅਸ ਤੋਂ ਉੱਪਰ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਰਾਜਸਥਾਨ ਦੇ ਜੈਸਲਮੇਰ, ਬਾੜਮੇਰ, ਜੋਧਪੁਰ, ਬੀਕਾਨੇਰ ਅਤੇ ਕੋਟਾ ਵਰਗੇ ਖੇਤਰਾਂ ਵਿੱਚ ਵੀ ਇਹੀ ਸਥਿਤੀ ਬਣੀ ਹੋਈ ਹੈ, ਜਿੱਥੇ ਤਾਪਮਾਨ 40 ਡਿਗਰੀ ਸੈਲਸੀਅਸ ਦੇ ਨੇੜੇ ਪਹੁੰਚ ਗਿਆ ਹੈ।













