Sell-Aid Desk 24/7- ਯਮੁਨਾ ਐਕਸਪ੍ਰੈਸ ਵੇਅ ’ਤੇ ਅੱਜ ਤੜਕੇ ਇਕ ਟਰੱਕ ਨੇ ਖੜ੍ਹੀ ਬੱਸ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਛੇ ਜਣਿਆਂ ਦੀ ਮੌਤ ਹੋ ਗਈ ਹੈ ਅਤੇ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ। ਇਹ ਘਟਨਾ ਤੜਕੇ ਪੌਣੇ ਤਿੰਨ ਵਜੇ ਸੂਰੀਰ ਥਾਣਾ ਖੇਤਰ ਵਿੱਚ ਵਾਪਰੀ।
ਜਾਣਕਾਰੀ ਮੁਤਾਬਕ ਨੋਇਡਾ ਤੋਂ ਕਾਨਪੁਰ ਦੇ ਰਸੂਲਾਬਾਦ ਜਾ ਰਹੀ ਇਹ ਬੱਸ ਸੜਕ ਵਿਚਕਾਰ ਉਸ ਵੇਲੇ ਰੁਕ ਗਈ ਜਦੋਂ ਇੱਕ ਯਾਤਰੀ ਨੇ ਪਿਸ਼ਾਬ ਕਰਨ ਲਈ ਬੱਸ ਰੁਕਵਾਈ। ਇਸੇ ਦੌਰਾਨ ਪਿੱਛੇ ਆ ਰਹੇ ਇੱਕ ਤੇਜ਼ ਰਫ਼ਤਾਰ ਕੰਟੇਨਰ ਵਾਲੇ ਟਰੱਕ ਨੇ ਬੱਸ ਨੂੰ ਸਾਈਡ ਤੋਂ ਟੱਕਰ ਮਾਰ ਦਿੱਤੀ ਜਿਸ ਕਾਰਨ ਛੇ ਯਾਤਰੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਜ਼ਖ਼ਮੀ ਵਿਅਕਤੀ ਨੂੰ ਤੁਰੰਤ ਜ਼ਿਲ੍ਹਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਹਾਦਸੇ ਤੋਂ ਬਾਅਦ ਬੱਸ ਅਤੇ ਟਰੱਕ ਦੋਵਾਂ ਦੇ ਡਰਾਈਵਰ ਮੌਕੇ ਤੋਂ ਫਰਾਰ ਹੋ ਗਏ। ਪੁਲੀਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਫਰਾਰ ਡਰਾਈਵਰਾਂ ਦੀ ਭਾਲ ਦੇ ਨਾਲ-ਨਾਲ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।














