ਅਮਨ ਸੂਦ ਦੀਆਂ ਮੁਸ਼ਕਲਾਂ ਵਧੀਆਂ, ਹੁਣ ਪਲਿਸ ਨੇ ਲਿਆ ਵੱਡਾ ਐਕਸ਼ਨ…

61

ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੇ ਮਨੀਕਰਨ ਸਾਹਿਬ ਵਿੱਚ ਪੰਜਾਬ ਦੇ ਭਿੰਡਰਾਂਵਾਲਾ ਸਮਰਥਕਾਂ ਦੇ ਬਾਈਕ ਤੋਂ ਝੰਡੇ ਉਤਾਰਨ ਵਾਲੇ ਅਮਨ ਸੂਦ ਖ਼ਿਲਾਫ਼ ਸੁੱਖੂ ਸਰਕਾਰ ਨੇ ਕੇਸ ਦਰਜ ਕੀਤਾ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਮਾਮਲੇ ‘ਚ ਹਿਮਾਚਲ ਸਰਕਾਰ ਦੀ ਸ਼ਿਕਾਇਤ ਉਤੇ ਅਮਨ ਸੂਦ ਖਿਲਾਫ ਮਨੀਕਰਨ ਥਾਣੇ ‘ਚ ਮਾਮਲਾ ਦਰਜ ਕੀਤਾ ਗਿਆ ਹੈ। ਇਸੇ ਲੜੀ ਤਹਿਤ ਸੋਮਵਾਰ ਨੂੰ ਅਮਨ ਸੂਦ ਕੁੱਲੂ ਦੇ ਐਸਡੀਐਮ ਦੀ ਅਦਾਲਤ ਵਿੱਚ ਪੇਸ਼ ਹੋਏ, ਜਿੱਥੋਂ ਉਨ੍ਹਾਂ ਨੂੰ ਕੁਝ ਦਿਸ਼ਾ-ਨਿਰਦੇਸ਼ ਦਿੱਤੇ ਗਏ।

ਦਰਅਸਲ, ਪਿਛਲੇ ਹਫ਼ਤੇ ਜਦੋਂ ਪੰਜਾਬ ਤੋਂ ਬਾਈਕ ਸਵਾਰ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਝੰਡੇ ਲੈ ਕੇ ਕੁੱਲੂ ਜ਼ਿਲ੍ਹੇ ਦੀ ਮਨੀਕਰਨ ਵੱਲ ਆ ਰਹੇ ਸਨ ਤਾਂ ਹੋਟਲ ਸੰਚਾਲਕ ਅਮਨ ਸੂਦ ਨੇ ਉਨ੍ਹਾਂ ਨੂੰ ਰੋਕ ਲਿਆ। ਅਜਿਹੇ ‘ਚ ਹੁਣ ਐੱਸ.ਡੀ.ਐੱਮ ਅਦਾਲਤ ਨੇ ਉਸ ਨੂੰ ਫਿਰਕਾਪ੍ਰਸਤੀ ਫੈਲਾਉਣ ਦੇ ਦੋਸ਼ ‘ਚ ਨੋਟਿਸ ਜਾਰੀ ਕੀਤਾ ਸੀ। ਨਾਲ ਹੀ ਜਰੀ ਥਾਣੇ ਵਿੱਚ ਵੀ ਕੇਸ ਦਰਜ ਕੀਤਾ ਗਿਆ ਸੀ।

ਸੋਮਵਾਰ ਨੂੰ ਅਮਨ ਸੂਦ ਆਪਣੇ ਵਕੀਲ ਗੌਰਵ ਸੂਦ ਦੇ ਨਾਲ ਕੁੱਲੂ ਦੀ ਐਸਡੀਐਮ ਕੋਰਟ ਵਿੱਚ ਪੇਸ਼ ਹੋਏ ਅਤੇ ਆਪਣਾ ਜਵਾਬ ਦਾਇਰ ਕੀਤਾ। ਇਸ ਦੌਰਾਨ ਕਰੀਬ 15 ਮਿੰਟ ਤੱਕ ਅਮਨ ਸੂਦ ਅਤੇ ਉਨ੍ਹਾਂ ਦੇ ਵਕੀਲ ਨੇ ਐਸਡੀਐਮ ਅਦਾਲਤ ਵਿੱਚ ਐਸਡੀਐਮ ਕੁੱਲੂ ਵਿਕਾਸ ਸ਼ੁਕਲਾ ਨੂੰ ਦਸਤਾਵੇਜ਼ ਸੌਂਪੇ।

ਅਮਨ ਸੂਦ ਨੇ ਕਿਹਾ ਕਿ 20 ਮਾਰਚ ਨੂੰ ਮਨੀਕਰਨ ਘਾਟੀ ਦੇ ਲੋਕਾਂ ਨੇ ਭਿੰਡਰਾਂਵਾਲਿਆਂ ਦੇ ਝੰਡੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਸੀ ਕਿਉਂਕਿ ਉਨ੍ਹਾਂ ਮੁਤਾਬਕ ਇਹ ਦੇਸ਼ ਦੀ ਏਕਤਾ ਅਤੇ ਅਖੰਡਤਾ ਦੇ ਖਿਲਾਫ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਉਨ੍ਹਾਂ ਵੱਖਵਾਦੀ ਤਾਕਤਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਸਗੋਂ ਦੇਸ਼ ਭਗਤਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ, ਜੋ ਕਿ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਖਾਲਿਸਤਾਨੀ ਤਾਕਤਾਂ ਹਿੰਦੂ ਅਤੇ ਸਿੱਖ ਭਾਈਚਾਰੇ ਦੇ ਖਿਲਾਫ ਹਨ ਅਤੇ ਸਰਕਾਰ ਨੂੰ ਇਨ੍ਹਾਂ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਸੀ।

ਉਨ੍ਹਾਂ ਕਿਹਾ ਕਿ ਐਸ.ਡੀ.ਐਮ ਅਦਾਲਤ ਵੱਲੋਂ ਜਾਰੀ ਨੋਟਿਸ ਦਾ ਜਵਾਬ ਦਾਖ਼ਲ ਕਰ ਦਿੱਤਾ ਗਿਆ ਹੈ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਲੜਾਈ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਦੇਸ਼ ਦੀ ਨਿਆਂਪਾਲਿਕਾ ਸਰਵਉੱਚ ਹੈ ਅਤੇ ਭਾਰਤੀ ਨਾਗਰਿਕ ਹੋਣ ਦੇ ਨਾਤੇ ਸਾਨੂੰ ਭਰੋਸਾ ਹੈ ਕਿ ਅਸੀਂ ਇਸ ਵਿੱਚ ਜਿੱਤ ਪ੍ਰਾਪਤ ਕਰਾਂਗੇ। ਉਨ੍ਹਾਂ ਕਿਹਾ ਕਿ ਅਸੀਂ ਅਜਿਹਾ ਕੁਝ ਨਹੀਂ ਕੀਤਾ ਜੋ ਕਿਸੇ ਦੇ ਧਰਮ ਦੇ ਵਿਰੁੱਧ ਹੋਵੇ। ਅਸੀਂ ਖਾਲਿਸਤਾਨੀ ਭਿੰਡਰਾਂਵਾਲਿਆਂ ਖਿਲਾਫ ਨਾਅਰੇਬਾਜ਼ੀ ਕੀਤੀ ਹੈ ਅਤੇ ਅਸੀਂ ਇਹਨਾਂ ਖਾਲਿਸਤਾਨੀ ਤਾਕਤਾਂ ਤੋਂ ਡਰਨ ਵਾਲੇ ਨਹੀਂ ਅਤੇ ਕਿਸੇ ਦੇ ਦਬਾਅ ਹੇਠ ਨਹੀਂ ਆਵਾਂਗੇ।