‘ਆਪ’ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਅਧਿਆਪਕਾਂ ਤੋਂ ਮੁਆਫ਼ੀ ਮੰਗੀ

36

ਆਮ ਆਦਮੀ ਪਾਰਟੀ ਦੇ ਵਿਧਾਇਕ ਚੇਤਨ ਸਿੰਘ ਜੋੜਾਮਾਜਰਾ ਨੇ ਅੱਜ ਸਮੁੱਚੇ ਅਧਿਆਪਕ ਜਗਤ ਤੋਂ ਮੁਆਫ਼ੀ ਮੰਗੀ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਸਤਿਕਾਰਯੋਗ ਹਨ ਤੇ ਸਾਡੇ ਗੁਰੂ ਵੀ ਹਨ, ਜੋ ਸਾਨੂੰ ਸੇਧ ਦਿੰਦੇ ਹਨ।

ਦੱਸ ਦਈਏ ਕਿ ਪਿਛਲੇ ਦਿਨੀਂ ਰਾਜ ਵਿਆਪੀ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਸਮਾਣਾ ਦੇ ‘ਸਕੂਲ ਆਫ ਐਮੀਨੈਂਸ’ ਵਿਚ ਚਾਰਦੀਵਾਰੀ ਦੇ ਉਦਘਾਟਨੀ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਪਹੁੰਚੇ ਚੇਤਨ ਸਿੰਘ ਜੌੜਾਮਾਜਰਾ ਨੇ ਅਧਿਆਪਕਾਂ ਖ਼ਿਲਾਫ਼ ਕਥਿਤ ਤੌਰ ਉਤੇ ‘ਅਪਸ਼ਬਦ’ ਵਰਤੇ ਸਨ। ਉਨ੍ਹਾਂ ਮਾਈਕ ਸੰਭਾਲਦਿਆਂ ਹੀ ਮਾੜੇ ਪ੍ਰਬੰਧਾਂ ਲਈ ਪ੍ਰਿੰਸੀਪਲ ਨੂੰ ਝਾੜ ਪਾਈ। ਉਹ ਆਖਦੇ ਦਿਖਾਈ ਦੇ ਰਹੇ ਹਨ, ‘‘ਟੋਟਲ ਫੇਲ੍ਹ ਹੈ ਪ੍ਰੋਗਰਾਮ ਤੁਹਾਡਾ। ਕੋਈ ਹੈ ਮਾੜਾ ਮੋਟਾ ਦਿਮਾਗ ਕੰਮ ਕਰਦਾ। ਤੁਹਾਡੀ ਕੋਈ ਮਾੜੀ ਮੋਟੀ ਪਾਵਰ ਬੱਚਿਆਂ ’ਤੇ ਹੈ। ਏਹ ਸਕੂਲ ਥੋੜ੍ਹੀ ਹੈ। ਸਕੂਲ ਵਾਲੀ ਗੱਲ ਹੀ ਨਹੀਂ ਹੈ ਇੱਥੇ।’’

ਪ੍ਰੋਗਰਾਮ ਦੌਰਾਨ ਅਨੁਸ਼ਾਸਨ ਦੀ ਕਮੀ, ਅਧਿਆਪਕਾਂ, ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਗੈਰਹਾਜ਼ਰੀ ਦੀ ਸ਼ਿਕਾਇਤ ਕਰਦਿਆਂ ਜੌੜਾਮਾਜਰਾ ਨੇ ਸਵਾਲ ਕੀਤਾ ਕਿ ਕੀ ਇਹ ਸੋਚੀ-ਸਮਝੀ ਸਾਜ਼ਿਸ਼ ਤਹਿਤ ਹੋਇਆ ਹੈ। ਉਨ੍ਹਾਂ ਕਿਹਾ ਕਿ ਜਿਹੜੇ ਬੱਚੇ ਘੁੰਮ ਰਹੇ ਹਨ, ਉਨ੍ਹਾਂ ਦੀ ਗੈਰਹਾਜ਼ਰੀ ਲਗਾਉ। ਮੈਂ ਮਾੜੇ ਪ੍ਰਬੰਧਾਂ ਲਈ ਅਧਿਆਪਕਾਂ ਦੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਸ਼ਿਕਾਇਤ ਕਰਾਂਗਾ।