ਕਪੂਰਥਲਾ ਦੇ ਨਿਊ ਆਰਮੀ ਕੈਂਟ ਵਿੱਚ ਇੱਕ ਪ੍ਰਾਈਵੇਟ ਸਫਾਈ ਕਰਮਚਾਰੀ ਪਾਕਿਸਤਾਨ ਲਈ ਜਾਸੂਸੀ ਕਰਦਾ ਹੋਇਆ ਪੁਲਿਸ ਦੇ ਹੱਥ ਲੱਗਾ ਹੈ। ਪੁਲਿਸ ਮੁਤਾਬਕ, ਆਰੋਪੀ ਆਰਮੀ ਕੈਂਟ ਏਰੀਆ ਦੀਆਂ ਤਸਵੀਰਾਂ ਖਿੱਚ ਕੇ ਪਾਕਿਸਤਾਨ ਭੇਜਦਾ ਸੀ ਅਤੇ ਦੇਸ਼ ਦੀ ਸੁਰੱਖਿਆ ਨਾਲ ਸੰਬੰਧਿਤ…
ਕਪੂਰਥਲਾ ਦੇ ਨਿਊ ਆਰਮੀ ਕੈਂਟ ਵਿੱਚ ਇੱਕ ਪ੍ਰਾਈਵੇਟ ਸਫਾਈ ਕਰਮਚਾਰੀ ਪਾਕਿਸਤਾਨ ਲਈ ਜਾਸੂਸੀ ਕਰਦਾ ਹੋਇਆ ਪੁਲਿਸ ਦੇ ਹੱਥ ਲੱਗਾ ਹੈ। ਪੁਲਿਸ ਮੁਤਾਬਕ, ਆਰੋਪੀ ਆਰਮੀ ਕੈਂਟ ਏਰੀਆ ਦੀਆਂ ਤਸਵੀਰਾਂ ਖਿੱਚ ਕੇ ਪਾਕਿਸਤਾਨ ਭੇਜਦਾ ਸੀ ਅਤੇ ਦੇਸ਼ ਦੀ ਸੁਰੱਖਿਆ ਨਾਲ ਸੰਬੰਧਿਤ ਖੁਫੀਆ ਜਾਣਕਾਰੀ ਵੀ ਪਹੁੰਚਾ ਰਿਹਾ ਸੀ। ਇਸ ਨਾਲ ਦੇਸ਼ ਦੀ ਸੁਰੱਖਿਆ, ਏਕਤਾ ਅਤੇ ਅਖੰਡਤਾ ਨੂੰ ਖਤਰਾ ਪੈਦਾ ਹੋ ਰਿਹਾ ਸੀ।
ਪੁਲਿਸ ਨੇ ਆਰੋਪੀ ਦੇ ਖ਼ਿਲਾਫ਼ Official Secret Act 1923 ਦੀਆਂ ਧਾਰਾਵਾਂ 3, 4, 5 ਅਤੇ ਧਾਰਾ 152 BNS ਹੇਠ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸਦੇ ਕਬਜ਼ੇ ਵਿੱਚੋਂ ਇੱਕ ਮੋਬਾਈਲ ਫੋਨ ਵੀ ਬਰਾਮਦ ਕੀਤਾ ਗਿਆ ਹੈ, ਜਿਸ ਨਾਲ ਉਹ ਜਾਸੂਸੀ ਕਰਦਾ ਸੀ।
ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਵਾਈ-ਪਾਇੰਟ ਕਾਂਝਲੀ ‘ਤੇ ਪੁਲਿਸ ਟੀਮ ਨਾਲ ਮੌਜੂਦ ਸਨ, ਤਦੋਂ ਇੱਕ ਮੁਖਬਿਰ ਵੱਲੋਂ ਸੂਚਨਾ ਮਿਲੀ ਕਿ ਮੁਸ਼ਕਵੇਦ ਕਪੂਰਥਲਾ ਦਾ ਨਿਵਾਸੀ ਰਾਜਾ ਪੁੱਤਰ ਬਾਲਾ, ਜੋ ਨਿਊ ਆਰਮੀ ਕੈਂਟ ‘ਚ ਸਫਾਈ ਸੇਵਕ ਦੇ ਤੌਰ ਤੇ ਕੰਮ ਕਰਦਾ ਹੈ, ਪਾਕਿਸਤਾਨ ਦੇ ਲੋਕਾਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਖੁਫੀਆ ਜਾਣਕਾਰੀ ਭੇਜ ਰਿਹਾ ਹੈ। ਉਸਦੇ ਬਦਲੇ ਉਸਨੂੰ ਪਾਕਿਸਤਾਨ ਵੱਲੋਂ ਪੈਸੇ ਮਿਲ ਰਹੇ ਸਨ।
ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਆਰੋਪੀ ਨੂੰ ਕਾਬੂ ਕੀਤਾ ਅਤੇ ਮੋਬਾਈਲ ਸਮੇਤ ਗ੍ਰਿਫ਼ਤਾਰ ਕਰ ਲਿਆ। ਹੁਣ ਉਸਨੂੰ ਅਦਾਲਤ ‘ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਤਾਂ ਜੋ ਹੋਰ ਪੁੱਛਗਿੱਛ ਦੌਰਾਨ ਮਹੱਤਵਪੂਰਣ ਖੁਲਾਸੇ ਹੋ ਸਕਣ।














