ਕਰੰਟ ਲੱਗਣ ਕਾਰਨ ਲਾਈਨਮੈਨ ਦੀ ਹੋਈ ਮੌਤ, ਖੰਭੇ ‘ਤੇ ਚੜ੍ਹ ਕੇ ਠੀਕ ਕਰ ਰਿਹਾ ਸੀ ਬਿਜਲੀ, ਅਚਾਨਕ ਕਰੰਟ ਲੱਗਣ ਕਾਰਨ ਡਿੱਗਿਆ ਹੇਠਾਂ

51

ਨਾਭਾ ਦੀ ਡਿਫੈਂਸ ਕਲੌਨੀ ਵਿਖੇ ਪੀਐਸਪੀਸੀਐਲ ਦੇ ਬਿਜਲੀ ਬੋਰਡ ਦੇ ਮੁਲਾਜ਼ਮ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਮ੍ਰਿਤਕ ਰਾਜੀਵ ਕੁਮਾਰ ਪੀਐਸਪੀਸੀਐਲ ਵਿੱਚ ਸਹਾਇਕ ਲਾਈਨਮੈਨ ਸੀ। ਮ੍ਰਿਤਕ ਬਿਜਲੀ ਦੀ ਖਰਾਬੀ ਨੂੰ ਠੀਕ ਕਰਨ ਲਈ ਸਥਾਨਕ ਡਿਫੈਂਸ ਕਲੋਨੀ ਵਿਖੇ ਖੰਭੇ ਉੱਪਰ ਕੰਮ ਕਰ ਰਿਹਾ ਸੀ ਤਾਂ ਕੰਮ ਕਰਦੇ ਹੋਏ ਅਚਾਨਕ ਮੁਲਾਜ਼ਮ ਦੇ ਕਰੰਟ ਲੱਗ ਗਿਆ ਤੇ ਖੰਬੇ ਤੋਂ ਹੇਠਾਂ ਡਿੱਗ ਗਿਆ। ਜਿਸ ਨੂੰ ਉਸਦੇ ਸਾਥੀ ਮੁਲਾਜ਼ਮਾਂ ਵੱਲੋਂ ਤੁਰੰਤ ਸਿਵਲ ਹਸਪਤਾਲ ਨਾਭਾ ਵਿਖੇ ਲਿਆਂਦਾ ਗਿਆ। ਪਰ ਡਾਕਟਰ ਵੱਲੋਂ ਰਾਜੀਵ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਮ੍ਰਿਤਕ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਸੀ ਜੋ ਆਪਣੇ ਪਿੱਛੇ ਪਤਨੀ ਦੋ ਛੋਟੀਆਂ ਲੜਕੀਆਂ ਅਤੇ ਇੱਕ ਲੜਕਾ ਛੱਡ ਗਿਆ।

ਇਸ ਮੌਕੇ ਤੇ ਮ੍ਰਿਤਕ ਦੇ ਪਿਤਾ ਦੇਸ ਰਾਜ ਨੇ ਕਿਹਾ ਕਿ ਮੇਰਾ ਬੇਟਾ ਸਰਕਾਰੀ ਮੁਲਾਜ਼ਮ ਸੀ ਅਤੇ ਪਿੱਛੇ ਤਿੰਨ ਬੱਚੇ ਅਤੇ ਘਰਵਾਲੀ ਛੱਡ ਗਿਆ। ਇਸ ਦੇ ਸਹਾਰੇ ਹੀ ਘਰ ਦਾ ਗੁਜ਼ਾਰਾ ਹੁੰਦਾ ਸੀ। ਅਸੀਂ ਤਾਂ ਇਹੋ ਮੰਗ ਕਰਦੇ ਹਾਂ ਕਿ ਸਾਡੇ ਪਰਿਵਾਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਇਸ ਸਬੰਧੀ ਜਦੋਂ ਸੁਰਜੀਤ ਸਿੰਘ ਐਸਡੀਓ ਦਿਹਾਤੀ ਨਾਲ ਗੱਲ ਕੀਤੀ ਤਾਂ ਉਨਾਂ ਕਿਹਾ ਕਿ ਬਿਜਲੀ ਦੀ ਮੁਰੰਮਤ ਕਰਨ ਲਈ ਉਹਨਾਂ ਦੀ ਟੀਮ ਡਿਫੈਂਸ ਕਲੋਨੀ ਗਈ ਹੋਈ ਸੀ। ਜਿੱਥੇ ਕੁਝ ਕੰਮ ਕੀਤਾ ਜਾ ਚੁੱਕਾ ਸੀ ਪਰ ਅਚਾਨਕ ਕੰਮ ਕਰਦੇ ਹੋਏ ਅਚਾਨਕ ਕਰੰਟ ਲੱਗ ਗਿਆ। ਜਿਸ ਨੂੰ ਤੁਰੰਤ ਨਾਭਾ ਸਰਕਾਰੀ ਹਸਪਤਾਲ ਸਾਡੀ ਟੀਮ ਵੱਲੋਂ ਮੁਲਾਜ਼ਮਾਂ ਵੱਲੋਂ ਲਿਜਾਇਆ ਗਿਆ ਪਰ ਉਸਦੀ ਮੌਤ ਹੋ ਗਈ।

ਇਸ ਮੌਕੇ ‘ਤੇ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਕੁਲਵੰਤ ਸਿੰਘ ਅਤੇ ਸ਼ਹਿਰ ਨਿਵਾਸੀ ਕਸ਼ਮੀਰ ਸਿੰਘ ਨੇ ਕਿਹਾ ਕਿ ਜੋ ਮੰਦਭਾਗੀ ਘਟਨਾ ਵਾਪਰੀ ਹੈ ਇਹ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ। ਇਹ ਨੌਜਵਾਨ ਬਹੁਤ ਹੀ ਮਿਹਨਤ ਦੇ ਨਾਲ ਇਸ ਮੁਕਾਮ ਤੇ ਪਹੁੰਚਿਆ ਸੀ ਅਸੀਂ ਤਾਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਰਕਾਰ ਪਰਿਵਾਰ ਨੂੰ ਮਾਲੀ ਮਦਦ ਦੇਵੇ ਅਤੇ ਪਰਿਵਾਰਿਕ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਾ ਵੀ ਇੰਤਜ਼ਾਮ ਕਰੇ।