ਕਿਸਾਨ ਨੇ 3 ਕਿੱਲਿਆਂ ‘ਚ ਬੀਜੀ ਅਫੀਮ, ਅਚਾਨਕ ਪਹੁੰਚੀ ਪੁਲਿਸ, 45 ਬੋਰੀਆਂ…

50

ਮਹਾਰਾਸ਼ਟਰ ਦੇ ਬੀਡ ਜ਼ਿਲ੍ਹੇ ਦੇ ਕਿਸਾਨ ਲਗਾਤਾਰ ਅਸਮਾਨੀ ਅਤੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਹਨ। ਖੇਤੀ ਦੀ ਅਨਿਸ਼ਚਿਤਤਾ ਅਤੇ ਵਧਦੇ ਵਿੱਤੀ ਦਬਾਅ ਕਾਰਨ ਕੁਝ ਕਿਸਾਨ ਅਨੁਚਿਤ ਤਰੀਕਿਆਂ ਵੱਲ ਮੁੜ ਰਹੇ ਹਨ। ਇਸੇ ਲੜੀ ‘ਚ ਬੀਡ ਜ਼ਿਲ੍ਹੇ ਦੇ ਧਾਰੂਰ ਤਾਲੁਕਾ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਕਿਸਾਨ ਨੇ ਆਪਣੇ ਖੇਤ ‘ਚ ਨਾਜਾਇਜ਼ ਤੌਰ ‘ਤੇ ਅਫੀਮ ਦੀ ਖੇਤੀ ਕੀਤੀ।

ਚਾਰ ਕਰੋੜ ਦੀ ਅਫੀਮ ਜ਼ਬਤ
ਧਾਰੂਰ ਤਾਲੁਕਾ ਦੇ ਪਿੰਡ ਪਿੰਪਰਵਾੜਾ ਦੇ ਰਹਿਣ ਵਾਲੇ ਕਿਸਾਨ ਰਾਮਹਰੀ ਕਰਭਾਰੀ ਤਿੜਕੇ ਨੇ ਆਪਣੇ ਖੇਤ ਵਿੱਚ 4 ਕਰੋੜ ਰੁਪਏ ਦੀ ਅਫੀਮ ਦੀ ਖੇਤੀ ਕੀਤੀ। ਇਹ ਖੇਤੀ ਤਿੰਨ ਕਿੱਲੇ ਜ਼ਮੀਨ ਵਿੱਚ ਕੀਤੀ ਸੀ। ਲੋਕਲ ਕ੍ਰਾਈਮ ਬ੍ਰਾਂਚ ਅਤੇ ਧਾਰੂਰ ਪੁਲਿਸ ਦੀ ਸਾਂਝੀ ਕਾਰਵਾਈ ‘ਚ ਇਸ ਨਾਜਾਇਜ਼ ਖੇਤੀ ਦਾ ਪਰਦਾਫਾਸ਼ ਕੀਤਾ ਗਿਆ। ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਖੇਤਾਂ ‘ਚ ਉੱਗੇ ਹੋਏ ਅਫੀਮ ਦੇ ਬੂਟਿਆਂ ਨੂੰ ਪੁੱਟ ਕੇ ਜ਼ਬਤ ਕਰ ਲਿਆ। ਪੁਲਿਸ ਨੇ 45 ਬੋਰੀਆਂ ਵਿੱਚ ਭਰੀ ਕੁੱਲ 540 ਕਿਲੋ 759 ਗ੍ਰਾਮ ਅਫੀਮ ਬਰਾਮਦ ਕੀਤੀ ਹੈ। ਫੜੀ ਗਈ ਅਫੀਮ ਦੀ ਬਾਜ਼ਾਰੀ ਕੀਮਤ 4 ਕਰੋੜ 32 ਲੱਖ 60 ਹਜ਼ਾਰ 720 ਰੁਪਏ ਦੇ ਕਰੀਬ ਦੱਸੀ ਗਈ ਹੈ।

ਗ੍ਰਿਫਤਾਰ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ
ਇਸ ਮਾਮਲੇ ਵਿੱਚ ਰਾਮਹਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਖਿਲਾਫ ਥਾਣਾ ਧਾਰੂਰ ਵਿਖੇ ਨਾਰਕੋਟਿਕਸ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ, 1985 ਦੀਆਂ ਧਾਰਾਵਾਂ 8 (ਬੀ), 15 ਅਤੇ 18 ਤਹਿਤ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮ ਨੂੰ 2 ਮਾਰਚ ਨੂੰ ਧਾਰੂਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ 5 ਦਿਨਾਂ ਦੇ ਪੁਲਿਸ ਰਿਮਾਂਡ ਉਤੇ ਭੇਜ ਦਿੱਤਾ ਗਿਆ ਹੈ।

ਇਹ ਕਾਰਵਾਈ ਬੀਡ ਜ਼ਿਲ੍ਹੇ ਦੇ ਐਸਪੀ ਨਵਨੀਤ ਕਾਂਵਤ ਦੀ ਅਗਵਾਈ ਹੇਠ ਹੋਈ। ਵਧੀਕ ਪੁਲਿਸ ਸੁਪਰਡੈਂਟ ਸਚਿਨ ਪੰਡਾਕਰ, ਪੁਲਿਸ ਇੰਸਪੈਕਟਰ ਉਸਮਾਨ ਸ਼ੇਖ ਅਤੇ ਹੋਰ ਅਧਿਕਾਰੀਆਂ ਦੀ ਟੀਮ ਨੇ ਮਿਲ ਕੇ ਇਹ ਛਾਪੇਮਾਰੀ ਕੀਤੀ। ਪੁਲਿਸ ਨੇ ਸਖ਼ਤ ਨਿਗਰਾਨੀ ਤੋਂ ਬਾਅਦ ਇਸ ਮਾਮਲੇ ਦਾ ਪਰਦਾਫਾਸ਼ ਕੀਤਾ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਨਾਜਾਇਜ਼ ਖੇਤੀ ‘ਤੇ ਸਖ਼ਤ ਰੁਖ਼
ਪੁਲਿਸ ਵਿਭਾਗ ਅਤੇ ਸਥਾਨਕ ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਅਜਿਹੀ ਗੈਰ-ਕਾਨੂੰਨੀ ਖੇਤੀ ਅਤੇ ਨਸ਼ਿਆਂ ਦੇ ਕਾਰੋਬਾਰ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਬੀਡ ਅਤੇ ਹੋਰ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਵਿਸ਼ੇਸ਼ ਨਿਗਰਾਨੀ ਵਧਾ ਦਿੱਤੀ ਗਈ ਹੈ, ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।