ਖ਼ੁਦ ਨੂੰ ਨਾਮੀ ਗੈਂਗਸਟਰ ਲਖਬੀਰ ਸਿੰਘ ਲੰਡਾ ਦਾ ਨਜ਼ਦੀਕੀ ਦੱਸਣ ਵਾਲੇ ਵਿਅਕਤੀ ਨੇ ਲੁਧਿਆਣਾ ਦੇ ਇੱਕ ਪ੍ਰਾਪਰਟੀ ਕਾਰੋਬਾਰੀ ਉੱਪਰ ਗ੍ਰਨੇਡ ਸੁੱਟਣ ਦੀ ਧਮਕੀ ਦਿੱਤੀ ਹੈ । ਬਦਮਾਸ਼ ਨੇ ਵਾਇਸ ਮੈਸੇਜ ਦੇ ਜ਼ਰੀਏ ਕਾਰੋਬਾਰੀ ਨੂੰ ਧਮਕਾਇਆ ਕਿ ਜੇਕਰ ਉਸਨੇ 5 ਕਰੋੜ ਰੁਪਏ ਦੀ ਫਿਰੌਤੀ ਨਾ ਦਿੱਤੀ ਤਾਂ ਉਸ ਨੂੰ ਬੰਬ ਨਾਲ ਉੱਡਾ ਦਿੱਤਾ ਜਾਵੇਗਾ। ਵਾਇਸ ਮੈਸੇਜ ਵਿੱਚ ਬਦਮਾਸ਼ ਨੇ ਇਹ ਵੀ ਦਾਅਵਾ ਕੀਤਾ ਕਿ ਉਸ ਨੂੰ ਕਾਰੋਬਾਰੀ ਦੇ ਪੂਰੇ ਪਰਿਵਾਰ ਦੀ ਰੋਜ਼ਮਰਾ ਦੀਆਂ ਗਤੀਵਿਧੀਆਂ ਸਬੰਧੀ ਪੂਰੀ ਜਾਣਕਾਰੀ ਹੈ। ਸੁਰੱਖਿਆ ਦੇ ਮੱਦੇ ਨਜ਼ਰ ਪੁਲਿਸ ਨੇ ਪ੍ਰਾਪਰਟੀ ਕਾਰੋਬਾਰੀ ਦਾ ਨਾਮ ਗੁਪਤ ਰੱਖਿਆ ਹੈ। ਇਸ ਮਾਮਲੇ ਵਿੱਚ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਅਣਪਛਾਤੇ ਮੁਲਜ਼ਮ ਖਿਲਾਫ ਮੁਕੱਦਮਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।













