ਪੂਰੇ ਪੰਜਾਬ ਵਿੱਚ ਆਪਣੀਆਂ ਮੰਗਾਂ ਨੂੰ ਮਨਵਾਉਣ ਦੇ ਲਈ ਸੋਮਵਾਰ ਤੋਂ ਸਮੂਹਿਕ ਛੁੱਟੀ ਲੈ ਕੇ ਰਾਜ ਵਿਆਪੀ ਹੜਤਾਲ ‘ਤੇ ਚੱਲ ਰਹੇ ਪੰਜਾਬ ਭਰ ਦੇ ਤਹਿਸੀਲਦਾਰਾਂ ਵੱਲੋਂ ਹੜਤਾਲ ਵਾਪਸ ਲੈ ਲਈ ਗਈ ਹੈ। ਤੁਹਾਨੂੰ ਦੱਸ ਦਈਏ ਕਿ ਸੋਮਵਾਰ ਤੋਂ ਸਾਰੇ ਤਹਿਸੀਲਦਾਰਾਂ ਨੇ ਸਮੂਹਿਕ ਛੁੱਟੀ ਲੈ ਲਈ ਸੀ।
ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗੰਭੀਰ ਨੋਟਿਸ ਲੈਂਦਿਆਂ ਲਏ ਗਏ ਸਖ਼ਤ ਐਕਸ਼ਨ ਦੌਰਾਨ ਪਹਿਲਾਂ ਜਿੱਥੇ ਮਾਲ ਵਿਭਾਗ ਨਾਲ ਸਬੰਧਤ ਰਜਿਸਟਰੀਆਂ ਕਰਵਾਉਣ ਲਈ ਹੋਰਨਾਂ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਵਿਸ਼ੇਸ਼ ਅਧਿਕਾਰ ਦਿੱਤੇ, ਉੱਥੇ ਹੀ ਕਈ ਤਹਿਸੀਲਦਾਰ ਮੁਅੱਤਲ ਵੀ ਕਰ ਦਿੱਤੇ ਗਏ। ਫਿਰ ਅੱਜ ਵੱਡੇ ਪੱਧਰ ‘ਤੇ ਤਹਿਸੀਲਦਾਰਾਂ ਦੇ ਇਧਰ ਉਧਰ ਤਬਾਦਲੇ ਕੀਤੇ ਗਏ ਹਨ।
ਇਸ ਦੌਰਾਨ ਦੇਖਣ ਵਿੱਚ ਆਇਆ ਕਿ ਮੁੱਖ ਤੌਰ ‘ਤੇ ਜਿਹੜੇ ਤਹਸੀਲਦਾਰ ਚੰਗੀਆਂ ਥਾਵਾਂ ‘ਤੇ ਲੱਗੇ ਸਨ, ਉਨ੍ਹਾਂ ਨੂੰ ਮਾੜੀਆਂ ਜਾਂ ਸਧਾਰਨ ਥਾਵਾਂ ‘ਤੇ ਲਾਇਆ ਗਿਆ ਹੈ, ਜਦਕਿ ਮਾੜੀਆਂ ਥਾਵਾਂ ਵਾਲਿਆਂ ਨੂੰ ਵਧੀਆ ਸਟੇਸ਼ਨ ਦਿੱਤੇ ਗਏ ਹਨ। ਇਸ ਤੋਂ ਇਲਾਵਾ ਇਹ ਬਦਲੀਆਂ ਵੀ ਦੂਰ-ਦੁਰਾਡੇ ਕੀਤੀਆਂ ਗਈਆਂ ਹਨ।
ਇਸੇ ਦੌਰਾਨ ਤਹਿਸੀਲਦਾਰਾਂ ਦੇ ਬਣੇ ਇੱਕ ਵਟਸਐਪ ਗਰੁੱਪ ‘ਚ ‘ਪੰਜਾਬ ਰੈਵਿਨਿਊ ਅਫ਼ਸਰ ਐਸੋਸੀਏਸ਼ਨ ਪੰਜਾਬ’ ਦੇ ਸੂਬਾਈ ਪ੍ਰਧਾਨ ਲਛਮਣ ਸਿੰਘ ਰੰਧਾਵਾ ਨੇ ਸੁਨੇਹਾ ਪਾ ਕੇ ਸਾਥੀ ਤਹਿਸੀਲਦਾਰਾਂ ਨੂੰ ਸੂਚਿਤ ਕੀਤਾ ਹੈ ਕਿ ਕਿਸਾਨਾਂ ਦੇ ਧਰਨਿਆਂ ਕਾਰਨ ਬਣੀ ਅਮਨ ਕਾਨੂੰਨ ਦੀ ਸਥਿਤੀ ਨਾਲ ਨਜਿੱਠਣ ਲਈ ਪੰਜਾਬ ਭਰ ਦੇ ਡਿਪਟੀ ਕਮਿਸ਼ਨਰਾਂ ਵੱਲੋਂ ਸੁਨੇਹੇ ਆ ਰਹੇ ਹਨ, ਜਿਸ ਦੇ ਚਲਦਿਆਂ ਉਨ੍ਹਾਂ ਨੇ ਆਪਣੀ ਸਮੂਹਿਕ ਛੁੱਟੀ ਅੱਗੇ ਨਾ ਵਧਾਉਣ ਦਾ ਫੈਸਲਾ ਲਿਆ।













