ਨਸ਼ਾ ਵੇਚਣ ਤੇ ਗੇੜੇ ਮਾਰਨ ਤੋਂ ਰੋਕਣਾ ਪੈ ਗਿਆ ਮਹਿੰਗਾ, ਘਰ ਦਾ ਭੰਨ ‘ਤਾ ਗੇਟ, ਪਰਿਵਾਰ ‘ਤੇ ਕੀਤਾ ਹਮਲਾ

31

ਫਿਰੋਜ਼ਪੁਰ ਦੇ ਜ਼ੀਰਾ ਸ਼ਹਿਰ ਅੰਦਰ ਸਮਾਜ ਵਿਰੋਧੀ ਅਨਸਰਾਂ ਨੂੰ ਪੁਲਿਸ ਦਾ ਕੋਈ ਡਰ ਨਹੀਂ ਰਿਹਾ ਅਤੇ ਪਿਛਲੇ ਚਾਰ ਦਿਨਾਂ ਤੋਂ ਲਗਾਤਾਰ ਹੋ ਤੇਜ਼ਧਾਰ ਹਥਿਆਰਾਂ ਨਾਲ ਘੁੰਮਦੇ ਬਦਮਾਸ਼ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਇਹਨਾਂ ਵਾਰਦਾਤਾਂ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਪਿਛਲੇ ਚਾਰ ਦਿਨਾਂ ਵਿੱਚ ਗੋਲੀ ਚੱਲਣ, ਦੁਕਾਨ ‘ਤੇ ਹਮਲਾ ਅਤੇ ਘਰ ‘ਤੇ ਹਮਲਾ ਕਰਨ ਦੇ ਮਾਮਲੇ ਸਾਹਮਣੇ ਆਏ ਹਨ।

ਹੁਣ ਤਾਜ਼ਾ ਮਾਮਲਾ ਜ਼ੀਰਾ ਤੋਂ ਸਾਹਮਣੇ ਆਇਆ ਹੈ ਜਿੱਥੇ ਬੀਤੀ ਰਾਤ ਕੁਝ ਨੌਜਵਾਨਾਂ ਵੱਲੋਂ ਤੇਜ਼ਧਾਰ ਹਥਿਆਰਾਂ ਅਤੇ ਇੱਟਾਂ ਰੋੜਿਆਂ ਨਾਲ ਇੱਕ ਘਰ ਦੇ ਉੱਪਰ ਹਮਲਾ ਕਰਦਿਆਂ ਘਰ ਦੇ ਮੇਨ ਗੇਟ ਦੀ ਬੁਰੀ ਤਰ੍ਹਾਂ ਨਾਲ ਤੋੜ ਭੰਨ ਕਰ ਦਿੱਤੀ ਗਈ। ਗਨੀਮਤ ਇਹ ਰਹੀ ਕਿ ਇਸ ਮੌਕੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਰਵਿੰਦਰ ਸਿੰਘ ਬੇਰੀ ਨੇ ਦੱਸਿਆ ਕਿ ਬੀਤੀ ਰਾਤ ਕਰੀਬ 10 ਵਜੇ ਜਦ ਉਹ ਅਤੇ ਉਹਨਾਂ ਦਾ ਸਾਰਾ ਪਰਿਵਾਰ ਘਰ ਅੰਦਰ ਸੁੱਤਾ ਪਿਆ ਸੀ ਤਾਂ ਅਚਾਨਕ ਚਾਰ ਪੰਜ ਨੌਜਵਾਨ ਹਥਿਆਰਾਂ ਨਾਲ ਲੈਸ ਹੋ ਕੇ ਆਏ ਅਤੇ ਉਨਾਂ ਦੇ ਘਰ ਦੇ ਉੱਪਰ ਇੱਟਾਂ ਰੋੜਿਆਂ ਅਤੇ ਤੇਜ਼ ਤਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।

ਘਰ ਦੇ ਮੇਨ ਗੇਟ ਦੀ ਬੁਰੀ ਤਰ੍ਹਾਂ ਨਾਲ ਭੰਨ ਤੋੜ ਕਰ ਦਿੱਤੀ ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਦੋ ਹਮਲਾਵਰਾਂ ਨੂੰ ਪਛਾਣਿਆ ਗਿਆ ਹੈ ਜਿਨ੍ਹਾਂ ਨੂੰ ਉਸ ਵੱਲੋਂ ਦੋ ਦਿਨ ਪਹਿਲਾਂ ਗਲੀ ਵਿੱਚ ਗੇੜੇ ਮਾਰਨ ਤੇ ਨਸ਼ਾ ਖਰੀਦਣ ਤੇ ਵੇਚਣ ਲਈ ਰੋਕਿਆ ਗਿਆ ਸੀ, ਜਿਸ ਕਾਰਨ ਉਹਨਾਂ ਨੇ ਰਾਤ ਨੂੰ ਉਸ ਦੇ ਘਰ ‘ਤੇ ਉੱਪਰ ਹੀ ਹਮਲਾ ਕਰ ਦਿੱਤਾ। ਉਹਨਾਂ ਦੱਸਿਆ ਕਿ ਜਦ ਰੌਲਾ ਸੁਣ ਕੇ ਉਹ ਬਾਹਰ ਨਿਕਲੇ ਤਾਂ ਹਮਲਾਵਰ ਉਹਨਾਂ ਨੂੰ ਮਾਰ ਦੇਣ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ।

ਉਹਨਾਂ ਦੱਸਿਆ ਕਿ ਇਸ ਸਬੰਧੀ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਹੈ ਅਤੇ ਪੁਲਿਸ ਵੱਲੋਂ ਬੀਤੀ ਰਾਤ ਮੌਕੇ ‘ਤੇ ਆ ਕੇ ਜਾਇਜ਼ਾ ਵੀ ਲੈ ਲਿਆ ਗਿਆ ਹੈ। ਉਹਨਾਂ ਪੁਲਿਸ ਪਾਸੋਂ ਮੰਗ ਕੀਤੀ ਕਿ ਅਜਿਹੇ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ।