ਲੁਧਿਆਣਾ: ਪੰਜਾਬ ਸਰਕਾਰ ਨੇ ਪਟਵਾਰੀਆਂ ਨੂੰ ਆਪਣੇ ਪਟਵਾਰਖਾਨਿਆਂ ‘ਚ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨ ਲਈ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਆਪਣੇ-ਆਪਣੇ ਦਫਤਰਾਂ ‘ਚ ਹਾਜ਼ਰ ਰਹਿਣ ਦੇ ਹੁਕਮ ਜਾਰੀ ਕੀਤੇ ਗਏ ਹਨ ਪਰ ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਅਧੀਨ ਆਉਂਦੇ ਪਿੰਡ ਮਾਂਗਟ ‘ਚ ਸਥਿਤ ਪਟਵਾਰਖਾਨੇ ‘ਚ ਬੈਠੇ ਪਟਵਾਰੀ ਆਪਣੇ ਪਿੰਡ ਮਾਂਗਟ ਚ ਸਰਕਲ ਮੇਹਰਬਾਨ ਦੇ ਪਟਵਾਰੀ ਦਾ ਖਾਲੀ ਪਿਆ ਦਫਤਰ ਅਤੇ ਸਰਕਲ ਦਫਤਰਾਂ ‘ਚ ਹਮੇਸ਼ਾ ਗੈਰ-ਹਾਜ਼ਰ ਦਿਖਾਈ ਦਿੰਦੇ ਹਨ, ਜਿਸ ਕਾਰਨ ਪਟਵਾਰਖਾਨੇ ‘ਚ ਆਉਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਅੱਜ ‘ਜਗ ਬਾਣੀ’ ਦੀ ਟੀਮ ਵਲੋਂ ਜਦੋਂ ਮਾਂਗਟ ਪਟਵਾਰਖਾਨੇ ਦਾ ਦੌਰਾ ਕੀਤਾ ਗਿਆ ਤਾਂ ਉਥੇ ਸਰਕਲ ਮੇਹਰਬਾਨ ਅਤੇ ਸਰਕਲ ਕਾਕੋਵਾਲ ਦੇ ਪਟਵਾਰੀ ਦਫਤਰ ‘ਚੋਂ ਗੈਰ- ਹਾਜ਼ਰ ਦਿਖਾਈ ਦਿੱਤੇ। ਉਕਤ ਪਟਵਾਰਖਾਨੇ ‘ਚ ਪਟਵਾਰੀ ਦੇ ਪ੍ਰਾਈਵੇਟ ਕਰਿੰਦੇ ਸਰਕਾਰੀ ਦਸਤਾਵੇਜ਼ਾਂ ਨਾਲਛੇੜਛਾੜ ਕਰਦੇ ਦਿਖਾਈ ਦਿੱਤੇ। ਜਦੋਂ ਉਕਤ ਪ੍ਰਾਈਵੇਟ ਕਰਿੰਦਿਆਂ ਨੇ ‘ਜਗ ਬਾਣੀ ਦੀ ਟੀਮ ਨੂੰ ਦੇਖਿਆ ਤਾਂ ਆਪਣੇ ਦਫਤਰ ਛੱਡ ਕੇ ਸਰਕਾਰੀਦਸਤਾਵੇਜ਼ ਖੁੱਲ੍ਹੇ ਵਿਚ ਰੱਖ ਕੇ ਹੀ ਭੱਜ ਖੜ੍ਹੇ ਹੋਏ।
ਲੋਕਾਂ ਨੇ ਦੱਸਿਆ ਕਿ ਉਹ ਆਪਣੇ ਨਿੱਜੀ ਕੰਮਾਂ ਲਈ ਪਟਵਾਰਖਾਨੇ ਦੇ ਗੇੜੇ ਕੱਢ ਰਹੇ ਹਨ ਪਰ ਪਟਵਾਰੀ ਨਾ ਮਿਲਣ ਕਾਰਨ ਉਨ੍ਹਾਂ ਨੂੰ ਭਾਰੀ ਮੁਸ਼ਕਲਾਂ ਸਹਿਣੀਆਂ ਪੈ ਰਹੀਆਂ ਹਨ। ਲੋਕਾਂ ਨੇ ਦੱਸਿਆ ਕਿ ਸਰਕਲ ਮੇਹਰਬਾਨ ਅਤੇ ਸਰਕਲ ਕਾਕੋਵਾਲ ਦੇ ਪਟਵਾਰੀ ਹਫਤੇ ’ਚਇਕ-ਦੋ ਦਿਨ ਹੀ ਉਕਤ ਪਟਵਾਰਖਾਨੇ ‘ਚ ਆਉਂਦੇ ਹਨ। ਬਾਕੀ ਉਨ੍ਹਾਂ ਦੀ ਗੈਰ- ਮੌਜੂਦਗੀ ਵਿਚ ਉਨ੍ਹਾਂ ਦੇ ਪ੍ਰਾਈਵੇਟ ਕਰਿੰਦੇ ਹੀ ਸਾਰਾ ਕੰਮ ਸੰਭਾਲਦੇ ਹਨ।
ਲੋਕਾਂ ਨੇ ਦੱਸਿਆ ਕਿ ਉਕਤ ਪਟਵਾਰਖਾਨਿਆਂ ਵਿਚ ਸਰਕਾਰੀ ਫੀਸ ਤੋਂ ਜ਼ਿਆਦਾ ਪੈਸੇ ਲੋਕਾਂ ਤੋਂ ਵਸੂਲੇ ਜਾ ਰਹੇ ਹਨ ਪਰ ਇਸ ਵੱਲ ਸਰਕਾਰ ਦਾ ਕੋਈ ਵੀ ਧਿਆਨ ਨਹੀਂ ਹੈ।














