ਦਿੱਲੀ ਦੇ ਬਦਨਾਮ ਗੈਂਗਸਟਰ ਹਾਸ਼ਿਮ ਬਾਬਾ ਦੀ ਤੀਜੀ ਪਤਨੀ ਜ਼ੋਇਆ ਖਾਨ (Zoya Khan) ਨੂੰ ਆਖਿਰਕਾਰ ਸਪੈਸ਼ਲ ਸੈੱਲ ਨੇ ਗ੍ਰਿਫਤਾਰ ਕਰ ਲਿਆ ਹੈ। ਸਾਲਾਂ ਤੋਂ ਪੁਲਿਸ ਅਤੇ ਏਜੰਸੀਆਂ ਇਸ ‘ਲੇਡੀ ਡਾਨ’ ਦੇ ਖਿਲਾਫ ਸਬੂਤ ਇਕੱਠੇ ਕਰਨ ਦੀ ਕੋਸ਼ਿਸ਼ ਕਰ ਰਹੀਆਂ ਸਨ, ਪਰ ਹਰ ਵਾਰ ਜ਼ੋਇਆ ਪੁਲਿਸ ਤੋਂ ਚਾਰ ਕਦਮ ਅੱਗੇ ਸੀ। ਉਹ ਤਿਹਾੜ ਜੇਲ ‘ਚ ਬੰਦ ਹਾਸ਼ਿਮ ਬਾਬਾ ਦੇ ਪੂਰੇ ਗੈਂਗ ਨੂੰ ਸੰਭਾਲ ਰਹੀ ਸੀ ਪਰ ਹੁਣ ਜ਼ੋਇਆ ਵੀ ਸਲਾਖਾਂ ਪਿੱਛੇ ਪਹੁੰਚ ਗਈ ਹੈ।
ਜ਼ੋਇਆ ਉਤੇ ਲੰਬੇ ਸਮੇਂ ਤੋਂ ਸ਼ੱਕ ਸੀ ਕਿ ਉਹ ਨਾ ਸਿਰਫ ਹਾਸ਼ਿਮ ਬਾਬਾ ਦਾ ਗੈਂਗ ਚਲਾ ਰਹੀ ਹੈ, ਸਗੋਂ ਹਰ ਗੈਰ-ਕਾਨੂੰਨੀ ਕੰਮ ‘ਚ ਵੀ ਉਸ ਦਾ ਬਰਾਬਰ ਦਾ ਹਿੱਸਾ ਹੈ। ਏਜੰਸੀਆਂ ਨੂੰ ਪਤਾ ਸੀ ਕਿ ਉਹ ਗਰੋਹ ਦੇ ਕਈ ਗੈਰ-ਕਾਨੂੰਨੀ ਧੰਦਿਆਂ ਵਿੱਚ ਸ਼ਾਮਲ ਹੈ, ਪਰ ਅਜੇ ਤੱਕ ਕੋਈ ਠੋਸ ਸਬੂਤ ਨਹੀਂ ਮਿਲ ਸਕਿਆ। ਇਸ ਵਾਰ ਸਪੈਸ਼ਲ ਸੈੱਲ ਦੇ ਅਧਿਕਾਰੀਆਂ ਨੇ ਜ਼ੋਇਆ ਨੂੰ ਡਰੱਗਜ਼ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਹੈ। ਉਸ ਨੂੰ ਉੱਤਰ ਪੂਰਬੀ ਦਿੱਲੀ ਦੇ ਵੈਲਕਮ ਇਲਾਕੇ ਤੋਂ 270 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 1 ਕਰੋੜ ਰੁਪਏ ਦੇ ਕਰੀਬ ਦੱਸੀ ਜਾਂਦੀ ਹੈ।
ਜ਼ੋਇਆ ਗੈਂਗਸਟਰ ਹਾਸ਼ਿਮ ਬਾਬਾ ਦੀ ਤੀਜੀ ਪਤਨੀ ਹੈ ਅਤੇ ਉਸ ਦੇ ਗਰੋਹ ਨੂੰ ਚਲਾਉਂਦੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਜ਼ੋਇਆ ਪਾਰਟੀਆਂ ਵਿੱਚ ਜਾਣ ਅਤੇ ਮਹਿੰਗੇ ਕਪੜੇ ਪਾਉਣ ਦੀ ਸ਼ੌਕੀਨ ਹੈ। ਪੁਲਿਸ ਨੇ ਦੱਸਿਆ ਕਿ ਬਾਬਾ ਦੀ 33 ਸਾਲਾ ਪਤਨੀ ਜੋਇਆ ਨੂੰ 225 ਗ੍ਰਾਮ ਹੈਰੋਇਨ ਨਾਲ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਮੁਤਾਬਕ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਜ਼ੋਇਆ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਸ਼ਾਮਲ ਹੈ, ਜਿਸ ਮਗਰੋਂ ਉਸ ਖ਼ਿਲਾਫ਼ ਹੋਰ ਸਬੂਤ ਜੁਟਾਏ ਗਏ।
ਪੁਲਿਸ ਅਨੁਸਾਰ ਜ਼ੋਇਆ ਬੁੱਧਵਾਰ ਨੂੰ ਇੱਕ ਅਣਜਾਣ ਵਿਅਕਤੀ ਨੂੰ ਨਸ਼ੀਲੇ ਪਦਾਰਥ ਦੀ ਸਪਲਾਈ ਦੇਣ ਲਈ ਆਈ ਸੀ, ਜਿਸ ਦੌਰਾਨ ਉਸ ਨੂੰ ਕਾਬੂ ਕਰ ਲਿਆ। ਜ਼ੋਇਆ ਦਾ ਪਤੀ ਹਾਸ਼ਿਮ ਬਾਬਾ ਦੱਖਣੀ ਦਿੱਲੀ ਦੇ ਗ੍ਰੇਟਰ ਕੈਲਾਸ਼ ਵਿੱਚ ਇੱਕ ਜਿਮ ਮਾਲਕ ਦੀ ਹੱਤਿਆ ਵਿੱਚ ਕਥਿਤ ਭੂਮਿਕਾ ਲਈ ਪਿਛਲੇ ਸਾਲ ਤੋਂ ਜੇਲ੍ਹ ਵਿੱਚ ਬੰਦ ਹੈ। ਹਾਸ਼ਿਮ ਬਾਬਾ ਦੇ ਖ਼ਿਲਾਫ਼ ਹੱਤਿਆ, ਫ਼ਿਰੌਤੀ, ਹਥਿਆਰ ਤਸਕਰੀ ਸਮੇਤ ਕਈ ਸੰਗੀਨ ਮਾਮਲੇ ਦਰਜ ਹਨ। ਪੁਲਿਸ ਅਨੁਸਾਰ ਬਾਬਾ ਨੇ ਜੇਲ੍ਹ ਤੋਂ ਹੀ ਕੋਡ ਭਾਸ਼ਾ ਵਿਚ ਜ਼ੋਇਆ ਨੂੰ ਗਰੋਹ ਚਲਾਉਣ ਦੀ ਟਰੇਨਿੰਗ ਦਿੱਤੀ ਸੀ। ਜ਼ੋਇਆ ਖ਼ੁਦ ਆਲੀਸ਼ਾਨ ਜ਼ਿੰਦਗੀ ਜਿਉਂਦੀ ਸੀ ਅਤੇ ਸੋਸ਼ਲ ਮੀਡੀਆ ਉਤੇ ਵੀ ਕਾਫ਼ੀ ਸਰਗਰਮ ਸੀ।













