ਪੰਜਾਬ ਦੀਆਂ 15 ਅਧਿਆਪਕ ਜਥੇਬੰਦੀਆਂ ਵੱਲੋਂ ਚੋਣਾਂ ਦੌਰਾਨ ਹੋਈਆਂ ਧੱਕੇਸ਼ਾਹੀਆਂ ਖਿਲਾਫ਼ ਸੰਘਰਸ਼ ਦਾ ਐਲਾਨ, ਰੱਖੀਆਂ ਇਹ ਮੰਗਾਂ

22

Sell-Aid Desk 24/7- ਬੀਤੇ ਦਿਨੀਂ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀ ਚੋਣ ਡਿਊਟੀ ‘ਤੇ ਜਾ ਰਹੇ ਮੋਗਾ ਜਿਲ੍ਹੇ ਦੇ ਪਿੰਡ ਸੰਗਤਪੁਰਾ ਕੋਲ ਅਧਿਆਪਕ ਜੋੜੇ ਜਸਕਰਨ ਸਿੰਘ ਭੁੱਲਰ (ਵਾਸੀ ਧੂੜਕੋਟ ਰਣਸੀਂਹ, ਪੱਕੇ ਨਿਵਾਸੀ ਮਾਨਸਾ) ਅਤੇ ਉਨ੍ਹਾਂ ਦੀ ਪਤਨੀ ਕਮਲਜੀਤ ਕੌਰ ਦੀ ਸੰਘਣੀ ਧੁੰਦ ਕਾਰਨ ਕਾਰ ਸੂਏ ਦੇ ਪਾਣੀ ਵਿੱਚ ਡਿੱਗਣ ਕਾਰਣ ਮੌਕੇ ‘ਤੇ ਬੇਵਕਤੀ ਮੌਤ ਹੋ ਹੋ ਗਈ। ਇਸੇ ਤਰ੍ਹਾਂ ਰਾਜਵੀਰ ਕੌਰ ਐਸੋਸੀਐਟ ਅਧਿਆਪਕ ਜੋ ਅਪਣੀ ਚੋਣ ਡਿਊਟੀ ਕਾਰਣ ਲਈ ਆਪਣੇ ਪਤੀ ਮਲਕੀਤ ਸਿੰਘ ਨਾਲ ਜਾ ਰਹੇ ਸਨ, ਉਨ੍ਹਾਂ ਦੀ ਗੱਡੀ ਵੀ ਸੁੱਕੇ ਸੂਏ ਵਿੱਚ ਜਾ ਡਿੱਗੀ, ਜਿਸ ਕਾਰਣ ਉਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਪਟਿਆਲਾ ਵਿਖੇ ਜੇਰੇ ਇਲਾਜ ਹਨ। ਇਸੇ ਤਰ੍ਹਾਂ ਹੋਰ ਵੀ ਘਟਨਾਵਾਂ ਸਾਹਮਣੇ ਆਇਆਂ ਹਨ। ਕਈ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਵੱਲੋਂ ਚੋਣ ਕਮਿਸ਼ਨ ਪੰਜਾਬ ਦੀਆਂ ਦਿੱਤੀਆਂ ਹਿਦਾਇਤਾਂ ਨੂੰ ਛਿੱਕੇ ਟੰਗ ਕੇ ਡਿਊਟੀਆਂ ਲਗਾਈਆਂ ਗਈਆਂ ਅਤੇ ਬੀ ਐਲ ਓ ਅਤੇ ਮਜਬੂਰੀ ਵੱਸ ਡਿਊਟੀ ਦੇ ਨਾਂ ਹਾਜ਼ਰ ਹੋਣ ਵਾਲੇ ਅਧਿਆਪਕ/ਕਰਮਚਾਰੀਆਂ ਉਪਰ ਪੁਲਿਸ ਪਰਚੇ ਦਰਜ ਕਰਨ ਦੇ ਹੁਕਮ ਚਾੜੇ ਗਏ ਹਨ।

ਮੋਗਾ ਵਿਖੇ ਅਧਿਆਪਕ ਜੋੜੇ ਦੀ ਹੋਈ ਦਰਦਨਾਕ ਮੌਤ ਅਤੇ ਚੋਣ ਡਿਊਟੀਆਂ ਦੌਰਾਨ ਵਾਪਰੇ ਬਾਕੀ ਗੰਭੀਰ ਮਾਮਲਿਆਂ ਦੇ ਰੋਸ ਵਜੋਂ ਪੰਜਾਬ ਦੀਆਂ 15 ਪ੍ਰਮੁੱਖ ਅਧਿਆਪਕ ਜਥੇਬੰਦੀਆਂ ਨੇ ਹੰਗਾਮੀ ਆਨ ਲਾਈਨ ਮੀਟਿੰਗ ਕਰਕੇ ਪੰਜਾਬ ਸਰਕਾਰ ਅਤੇ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਕੀਤੀਆਂ ਧੱਕੇਸ਼ਾਹੀ ਖਿਲਾਫ ਇਕਜੁੱਟ ਹੋ ਕੇ ਸੰਘਰਸ਼ ਛੇੜਣ ਦਾ ਐਲਾਨ ਕੀਤਾ ਹੈ। ਸਮੂਹ ਜਥੇਬੰਦੀਆਂ ਵੱਲੋਂ 16 ਦਸੰਬਰ ਨੂੰ ਡਿਪਟੀ ਕਮਿਸਨਰਾਂ ਦੇ ਦਫਤਰਾਂ ਅੱਗੇ ਵੱਡੇ ਪੱਧਰ ‘ਤੇ ਰੋਸ ਪ੍ਰਦਰਸ਼ਨ ਕਰਕੇ ਪੰਜਾਬ ਸਰਕਾਰ ਤੇ ਚੋਣ ਕਮਿਸ਼ਨ ਦੇ ਪੁਤਲੇ ਫੂਕਣ ਦਾ ਐਲਾਨ ਕੀਤਾ ਹੈ।

ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ ਮੋਗੇ ਵਿਖੇ ਹਾਦਸੇ ਵਿੱਚ ਮਾਰੇ ਗਏ ਦੋਵੇਂ ਅਧਿਆਪਕਾਂ ਦੇ ਪਰਿਵਾਰ ਨੂੰ 2-2 ਕਰੋੜ ਰੁਪਏ ਮੁਆਵਜਾ ਤੁਰੰਤ ਜਾਰੀ ਕਰਨ, ਉਨ੍ਹਾਂ ਦੇ ਬੱਚਿਆਂ ਲਈ ਪੜ੍ਹਾਈ ਪੂਰੀ ਕਰਨ ਤੱਕ ਦਾ ਸਾਰਾ ਖਰਚ ਉਠਾਉਣ ਅਤੇ ਬੱਚਿਆਂ ਦੇ ਬਾਲਗ ਹੋਣ ‘ਤੇ ਨੌਕਰੀ ਦਾ ਪ੍ਰਬੰਧ ਕਰਨ, ਮੂਣਕ ਹਾਦਸੇ ਵਿੱਚ ਜਖਮੀ ਹੋਈ ਅਧਿਆਪਕਾ ਰਾਜਵੀਰ ਕੌਰ ਦੇ ਇਲਾਜ ਦਾ ਸਾਰਾ ਖਰਚ ਉਠਾਉਣ ਦੇਣ ਦੇ ਨਾਲ 20 ਲੱਖ ਰੁਪਏ ਮੁਆਵਜਾ ਰਾਸ਼ੀ ਦੇਣ ਅਤੇ ਠੀਕ ਹੋਣ ਤੱਕ ਡਿਊਟੀ ‘ਤੇ ਹਾਜ਼ਰ ਮੰਨਿਆ ਦੀ ਮੰਗ ਰੱਖੀ ਗਈ। ਅਧਿਆਪਕ ਆਗੂਆਂ ਨੇ ਦੱਸਿਆ ਕਿ ਬੀਐਲਓ ਅਤੇ ਹੋਰ ਅਧਿਆਪਕ ਜਿਹੜੇ ਮਜ਼ਬੂਰੀ ਵਸ ਚੋਣ ਡਿਊਟੀ ‘ਤੇ ਹਾਜਰ ਨਹੀਂ ਹੋ ਸਕੇ, ਉਨ੍ਹਾਂ ਦੇ ਖਿਲਾਫ਼ ਕੱਢੇ ਕਾਰਨ ਦੱਸੋ ਨੋਟਿਸ ਅਤੇ ਪੁਲਿਸ ਪਰਚੇ ਦਰਜ਼ ਕਰਨ ਦੇ ਦਿੱਤੇ ਹੁਕਮ ਵਾਪਸ ਲੈਣ, ਸਮੂਹ ਅਧਿਆਪਕਾਂ ਨੂੰ ਬੀ ਐਲ ਓਜ਼ ਡਿਊਟੀ ਤੋਂ ਫਾਰਗ ਕਰਨ ਦੀਆਂ ਮੰਗਾਂ ਇਨ੍ਹਾਂ ਜਿਲ੍ਹਾ ਪੱਧਰੀ ਐਕਸ਼ਨਾਂ ਵਿੱਚ ਉਠਾਉਣ ਦੇ ਨਾਲ-ਨਾਲ ਸੰਘਰਸ਼ ਨੂੰ ਵੱਡੇ ਪੱਧਰ ‘ਤੇ ਮਘਾਉਣ ਦਾ ਫ਼ੈਸਲਾ ਕੀਤਾ ਗਿਆ।

ਇਸ ਮੌਕੇ ਵੱਖ ਵੱਖ ਜਥੇਬੰਦੀਆਂ ਦੇ ਸੂਬਾਈ ਆਗੂਆਂ ਵਿਕਰਮ ਦੇਵ ਸਿੰਘ, ਦਿਗਵਿਜੈਪਾਲ ਸ਼ਰਮਾ, ਸੁਖਵਿੰਦਰ ਚਾਹਲ, ਨਵਪ੍ਰੀਤ ਬੱਲੀ, ਬਲਜਿੰਦਰ ਸਿੰਘ ਧਾਲੀਵਾਲ, ਹਰਜਿੰਦਰਪਾਲ ਪੰਨੂ, ਲੱਛਮਣ ਸਿੰਘ ਨਬੀਪੁਰ, ਸੁਰਿੰਦਰ ਪੁਆਰੀ, ਪ੍ਰਗਟਜੀਤ ਸਿੰਘ ਕਿਸ਼ਨਪੂਰਾ, ਦੀਪਕ ਕੰਬੋਜ, ਹਰਜੰਟ ਸਿੰਘ, ਹਰਜਿੰਦਰ ਸਿੰਘ, ਪਤਵੰਤ ਸਿੰਘ, ਸੰਦੀਪ ਗਿੱਲ ਅਤੇ ਗੁਰਮੇਲ ਕੁਲਰੀਆਂ ਸ਼ਾਮਲ ਸਨ, ਇਹਨਾਂ ਤੋਂ ਇਲਾਵਾ ਰੇਸ਼ਮ ਬਠਿੰਡਾ, ਗੁਰਵਿੰਦਰ ਸਿੰਘ ਸਸਕੋਰ, ਮਹਿੰਦਰ ਕੌੜਿਆਂ ਵਾਲੀ, ਗੁਰਮੀਤ ਸਿੰਘ ਭੁੱਲਰ, ਕਿਸ਼ਨ ਸਿੰਘ ਦੁਗਾ, ਸੁਰਿੰਦਰ ਕੰਬੋਜ, ਸੁਖਵਿੰਦਰ ਸਿੰਘ ਸੁੱਖੀ, ਸ਼ਲਿੰਦਰ ਕੰਬੋਜ, ਹਰਮਨ ਪ੍ਰੀਤ ਸਿੰਘ ਅਤੇ ਹੋਰ ਆਗੂ ਸ਼ਾਮਿਲ ਰਹੇ।