ਈਦ ਦਾ ਦਿਨ ਨਫਰਤਾਂ ਨੂੰ ਮੁਹੱਬਤ ‘ਚ ਬਦਲਣ ਦਾ ਸੁਨੇਹਾ ਦਿੰਦਾ ਹੈ ਜੋ ਫਿਰਕਾਪ੍ਰਸਤ ਤਾਕਤਾਂ ਦੇਸ਼ ‘ਚ ਨਫਰਤ ਦੀ ਰਾਜਨੀਤੀ ਕਰਨਾ ਚਾਹੁੰਦੀਆਂ ਹਨ, ਉਨ੍ਹਾਂ ਨੂੰ ਮੂੰਹ-ਤੋੜ ਜਵਾਬ ਦਿੱਤਾ ਜਾਵੇਗਾ। ਇਹ ਗੱਲ ਅੱਜ ਇੱਥੇ ਪੰਜਾਬ ਦੇ ਦੀਨੀ ਮਰਕਜ਼ ਜਾਮਾ ਮਸਜਿਦ ਲੁਧਿਆਣਾ ‘ਚ ਈਦ ਉਲ ਫਿਤਰ ਦੇ ਮੌਕੇ ‘ਤੇ ਕਰਵਾਏ ਗਏ ਰਾਜ ਪੱਧਰੀ ਸਮਾਗਮ ਦੇ ਦੌਰਾਨ ਹਜਾਰਾਂ ਮੁਸਲਮਾਨਾਂ ਨੂੰ ਸੰਬੋਧਨ ਕਰਦੇ ਹੋਏ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਕਹੀ। ਸ਼ਾਹੀ ਇਮਾਮ ਨੇ ਕਿਹਾ ਕਿ ਅੱਜ ਦੇ ਦਿਨ ਰੋਜਾ ਰੱਖਣ ਵਾਲਿਆਂ ਲਈ ਅੱਲਾਹ ਤਆਲਾ ਵੱਲੋਂ ਇਨਾਮ ਹੈ ।ਉਨ੍ਹਾਂ ਕਿਹਾ ਕਿ ਅਸੀ ਦੁਆ ਕਰਦੇ ਹਨ ਕਿ ਅੱਜ ਦਾ ਦਿਨ ਦੁਨੀਆ ਭਰ ਦੇ ਲੋਕਾਂ ਲਈ ਅਮਨ ਦਾ ਸੁਨੇਹਾ ਲੈ ਕੇ ਆਏ। ਉਨ੍ਹਾਂ ਕਿਹਾ ਕਿ ਅੱਜ ਮੈਂ ਈਦ ਦੇ ਇਸਮੁਬਾਰਕ ਮੌਕੇ ‘ਤੇ ਜਿੱਥੇ ਪੰਜਾਬ ਦੇ ਸਾਰੇ ਲੋਕਾਂ ਨੂੰ ਮੁਬਾਰਕਬਾਦ ਦਿੰਦਾ ਹਾਂ ਉਥੇ ਹੀ ਅੱਲਾਹ ਤੋਂ ਦੁਆ ਕਰਦਾ ਹਾਂ ਕਿ ਅੱਜ ਦਾ ਦਿਨ ਇਸ ਦੇਸ਼ ਅਤੇ ਸਾਡੇ ਰਾਜ ਲਈ ਰਹਿਮਤ ਅਤੇ ਬਰਕਤ ਦਾ ਪੈਗਾਮ ਲੈ ਕੇ ਆਏ। ਇਸ ਮੌਕੇ ਤੇ ਮੁਸਲਮਾਨਾਂ ਨੂੰ ਈਦ ਦੀ ਮੁਬਾਰਕਬਾਦ ਦਿੰਦੇ ਹੋਏ ਸਾਂਸਦ ਸੰਜੀਵ ਅਰੋੜਾ ਨੇ ਕਿਹਾ ਕਿ ਈਦ ਦਾ ਦਿਨ ਹਰ ਇੱਕ ਭਾਰਤੀ ਲਈ ਖੁਸ਼ੀ ਦਾ ਦਿਨ ਹੈ।ਉਨ੍ਹਾਂ ਕਿਹਾ ਕਿ ਭਾਰਤ ਦੁਨੀਆ ਦਾ ਇੱਕ ਸਿਰਫ ਅਜਿਹਾ ਦੇਸ਼ ਹੈ ਜਿੱਥੇ ਹਰ ਇੱਕ ਧਰਮ ਦਾ ਤਿਉਹਾਰ ਸਾਰੇ ਲੋਕ ਆਪਸ `ਚ ਮਿਲ ਕੇ ਮਨਾਉਂਦੇ ਹਨ।
ਇਸ ਮੌਕੇ ‘ਤੇ ਮੁਸਲਮਾਨਾਂ ਨੂੰ ਈਦ ਦੀ ਮੁਬਾਰਕਬਾਦ ਦਿੰਦੇ ਹੋਏ ਲੁਧਿਆਣਾ ਤੋਂ ਵਿਧਾਇਕ ਮਦਨ ਲਾਲ ਬੱਗਾ, ਅਸ਼ੋਕ ਪਰਾਸ਼ਰ ਪੱਪੀ ਨੇ ਕਿਹਾ ਕਿ ਈਦ ਦਾ ਦਿਨ ਸਿਰਫ ਮੁਸਲਮਾਨ ਭਰਾਵਾਂ ਲਈ ਹੀ ਨਹੀਂ ਸਗੋਂ ਸਾਰੇ ਭਾਰਤੀਆਂ ਲਈ ਖੁਸ਼ੀ ਦਾ ਦਿਨ ਹੈ।ਉਨ੍ਹਾਂ ਨੇ ਕਿਹਾ ਕਿ ਅਸੀਂ ਦੁਆ ਕਰਦੇ ਹਾਂ ਕਿ ਇਹ ਖੁਸ਼ੀਆਂ ਭਰੀ ਰੀਤ ਹਮੇਸ਼ਾ ਇੰਜ ਹੀ ਚੱਲਦੀ ਰਹੇ, ਉਨ੍ਹਾਂ ਕਿਹਾ ਕਿ ਪੂਰਾ ਮਹੀਨਾ ਮੁਸਲਮਾਨ ਰੋਜਾ ਰੱਖਦਾ ਹੈ ਅਤੇ ਆਪਣੇ ਖੁਦਾ ਦੀ ਇਬਾਦਤ ਕਰਦਾ ਹੈ, ਜਿਸਦੇ ਬਦਲੇ ‘ਚ ਅੱਲਾਹ ਤਆਲਾ ਆਪਣੇ ਬੰਦਿਆਂ ਨੂੰ ਈਦ ਦਾ ਪੱਵਿਤਰ ਤਿਉਹਾਰ ਤੋਹਫੇ ਦੇ ਤੌਰ ‘ਤੇ ਦਿੰਦਾ ਹੈ ।













