ਸਾਲ 2022 ਵਿਚ ਲੈਫਟੀਨੈਂਟ ਵੱਜੋਂ ਚੁਣੇ ਗਏ ਲਾਲੜੂ ਮੰਡੀ ਦੇ ਨੌਜਵਾਨ ਯਤਿਨ ਨਾਸਾ ਪੁੱਤਰ ਵੇਦ ਪ੍ਰਕਾਸ਼ ਨਾਸਾ ਨੂੰ 3 ਸਾਲਾ ਵਿਚ ਹੀ ਭਾਰਤੀ ਫ਼ੌਜ ਵਿਚ ਕੈਪਟਨ ਬਣਨ ਦਾ ਮਾਣ ਹਾਸਲ ਹੋਇਆ ਹੈ। ਲਾਲੜੂ ਵਰਗੇ ਦਿਹਾਤੀ ਖੇਤਰ ਵਿਚ ਉਨ੍ਹਾਂ ਦੀ ਇਸ ਉਪਲੱਬਧੀ ਨੂੰ ਬਹੁਤ ਮਾਣ ਨਾਲ ਵੇਖਿਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਯਤਿਨ ਦੇ ਭਰਾ ਕ੍ਰਿਸ ਨਾਸਾ ਨੇ ਦੱਸਿਆ ਕਿ ਯਤਿਨ ਇਸ ਸਮੇਂ ਲਦਾਖ ਖੇਤਰ ਵਿਚ ਤੈਨਾਤ ਹੈ ਅਤੇ ਉਸ ਨੇ ਦਸਵੀਂ ਅਤੇ ਬਾਰ੍ਹਵੀਂ ਦੀ ਪ੍ਰੀਖਿਆ ਅੰਬਾਲਾ ਦੇ ਇਕ ਨਿੱਜੀ ਸਕੂਲ ਤੋਂ ਪਾਸ ਕੀਤੀ ਹੈ। ਇਸ ਉਪਰੰਤ ਪੰਜਾਬ ਦੀ ਇਕ ਯੂਨੀਵਰਸਿਟੀ ਵਿਚ ਉਸ ਨੇ 5 ਸਾਲਾ ਐੱਲਐੱਲਬੀ (ਵਕਾਲਤ ਦੀ ਪੜ੍ਹਾਈ) ਵਿਚ ਦਾਖ਼ਲਾ ਲਿਆ ਸੀ। ਇਹ ਸਾਰੀ ਪੜ੍ਹਾਈ ਕਰਨ ਵਾਲੇ ਯਤਿਨ ਨੇ ਫ਼ੌਜ ਲਈ ਲਿਆ ਜਾਣ ਵਾਲਾ ਜੱਜ ਐਡਵੋਕੇਟ ਜਨਰਲ (ਜੈਗ) ਦਾ ਇਮਤਿਹਾਨ ਦਿੱਤਾ ਤੇ ਇਸ ਵਿਚ ਉਸ ਦੀ ਚੋਣ ਹੋ ਗਈ ਸੀ। ਜ਼ਿਕਰਯੋਗ ਹੈ ਕਿ ਜੈਗ ਦੇ ਪੇਪਰ ਪਾਸ ਕਰਨ ਉਪਰੰਤ ਫ਼ੌਜ ਵਿਚ ਕਾਨੂੰਨ ਅਫ਼ਸਰ ਵਜੋਂ ਨਿਯੁਕਤੀ ਹੁੰਦੀ ਹੈ ਅਤੇ ਦਿਹਾਤ ਵਿਚ ਇਸ ਤਰ੍ਹਾਂ ਦੀਆਂ ਪ੍ਰੀਖਿਆਵਾਂ ਬਾਰੇ ਘੱਟ ਹੀ ਜਾਣਕਾਰੀ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਯਤਿਨ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਜਦਕਿ ਉਸ ਦੀ ਮਾਤਾ ਇਕ ਘਰੇਲੂ ਔਰਤ ਹੈ। ਯਤਿਨ ਹੁਰਾਂ ਦੋ ਭਰਾ ਅਤੇ ਇਕ ਭੈਣ ਹਨ ਤੇ ਉਨ੍ਹਾਂ ਦੀ ਭੈਣ ਦਾ ਵਿਆਹ ਹੋ ਚੁੱਕਾ ਹੈ ਜਦਕਿ ਛੋਟਾ ਭਰਾ ਇਸ ਸਮੇਂ ਅੰਬਾਲਾ ਤੋਂ ਹੀ ਬੀਕਾਮ ਦੀ ਪੜ੍ਹਾਈ ਕਰ ਰਿਹਾ ਹੈ। ਯਤਿਨ ਨੇ ਆਪਣੀ ਇਸ ਉਪਲੱਬਧੀ ਦਾ ਸਿਹਰਾ ਪਰਿਵਾਰ ਅਤੇ ਅਧਿਆਪਕਾਂ ਨੂੰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਮੂਹ ਵਿਦਿਆਰਥੀਆਂ ਨੂੰ ਅਕਾਦਮਿਕ ਪੜ੍ਹਾਈ ਦੇ ਨਾਲ-ਨਾਲ ਮੁਕਾਬਲੇ ਦੀਆਂ ਪ੍ਰੀਖਿਆਵਾਂ ਅਤੇ ਦੇਸ਼ –ਵਿਦੇਸ਼ ਵਿਚ ਵਾਪਰ ਰਹੀਆਂ ਘਟਨਾਵਾਂ ਬਾਰੇ ਪੂਰੀ ਜਾਣਕਾਰੀ ਰੱਖਣੀ ਚਾਹੀਦੀ ਹੈ।














