ਲੁਧਿਆਣਾ ’ਚ ਕਾਂਗਰਸੀਆਂ ਦੀ ਆਪਸੀ ਧੜੇਬਾਜ਼ੀ ਤੇ ਕਾਟੋ ਕਲੇਸ਼ ਆਇਆ ਸਾਹਮਣੇ, ਵੜਿੰਗ ਤੇ ਆਸ਼ੂ ਨੇ ਸਾਰਾ ਸਾਲ ਆਪੋ ਆਪਣਾ ਰਾਗ ਅਲਾਪਿਆ

11

Sell-Aid Desk 24/7- ਸਾਲ 2025 ਵਿੱਚ ਲੁਧਿਆਣਾ ਅੰਦਰ ਕਾਂਗਰਸੀ ਇੱਕ ਮੰਚ ’ਤੇ ਇਕੱਠੇ ਹੋਣ ਅਤੇ ਇਕ ਸੁਰ ਹੋਣ ਤੋਂ ਕੋਹਾਂ ਦੂਰ ਨਜ਼ਰ ਆਏ। ਲੁਧਿਆਣਾ ਅੰਦਰ ਸਾਰਾ ਸਾਲ ਕਾਂਗਰਸੀਆਂ ਦੀ ਆਪਸੀ ਧੜੇਬੰਦੀ ਅਤੇ ਕਾਟੋ ਕਲੇਸ਼ ਦੇਖਣ ਨੂੰ ਮਿਲਿਆ। ਜਾਣਕਾਰੀ ਅਨੁਸਾਰ ਜਿਸ ਦਿਨ ਤੋਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਲੁਧਿਆਣਾ ਤੋਂ ਲੋਕ ਸਭਾ ਚੋਣ ਲੜਨ ਲਈ ਪੁੱਜੇ ਹਨ, ਉਸ ਦਿਨ ਤੋਂ ਹੀ ਰਾਜਾ ਵੜਿੰਗ ਅਤੇ ਸਾਬਕਾ ਕੈਬਨਿਟ ਮੰਤਰੀ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਵਿਚਾਲੇ 36 ਦਾ ਅੰਕੜਾ ਦੇਖਣ ਨੂੰ ਮਿਲ ਰਿਹਾ ਹੈ।

ਦੋਵੇਂ ਇੱਕ ਦੂਜੇ ਨਾਲ ਸਿਆਸੀ ਸ਼ਰੀਕਾਂ ਵਾਂਗੂੰ ਵਰਤ ਰਹੇ ਹਨ। ਇਸੇ ਦੇ ਚਲਦਿਆਂ ਹੀ ਰਾਜਾ ਵੜਿੰਗ ਦੀ ਚੋਣ ਵਿੱਚ ਆਸ਼ੂ ਦੇ ਹਲਕੇ ਲੁਧਿਆਣਾ ਪੱਛਮੀ ਤੋਂ ਕਾਂਗਰਸ ਪਾਰਟੀ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਰਾਜਾ ਵੜਿੰਗ ਦੇ ਲੁਧਿਆਣਾ ਤੋਂ ਐਮਪੀ ਬਣਨ ਤੋਂ ਬਾਅਦ ਦੋਵੇਂ ਆਗੂਆਂ ਵਿਚਾਲੇ ਫੁੱਟ ਹੋਰ ਵੀ ਜ਼ਿਆਦਾ ਵਧਦੀ ਗਈ। ਹੋਰ ਤਾਂ ਹੋਰ ਦੋਵੇਂ ਆਗੂ ਇੱਕ ਦੂਜੇ ਦੇ ਸਮਾਗਮਾਂ ਵਿੱਚ ਵੀ ਨਹੀਂ ਜਾ ਰਹੇ ਅਤੇ ਨਾ ਹੀ ਇੱਕ ਦੂਸਰੇ ਨੂੰ ਦੁਆ ਸਲਾਮ ਕਰ ਰਹੇ ਹਨ। ਆਸ਼ੂ ਨੇ 2025 ਵਿੱਚ ਹੋਈ ਲੁਧਿਆਣਾ ਪੱਛਮੀ ਵਿਧਾਨ ਸਭਾ ਦੀ ਜ਼ਿਮਨੀ ਚੋਣ ਦੌਰਾਨ ਵੀ ਸਾਫ ਸ਼ਬਦਾਂ ਵਿੱਚ ਕਾਂਗਰਸ ਹਾਈ ਕਮਾਂਡ ਨੂੰ ਆਖ ਕੇ ਰਾਜਾ ਵੜਿੰਗ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਚੋਣ ਪ੍ਰਚਾਰ ਤੋਂ ਦੂਰ ਰੱਖਿਆ।

ਜ਼ਿਮਨੀ ਚੋਣ ਦੌਰਾਨ ਆਸ਼ੂ ਦੇ ਕਾਗਜ਼ ਭਰਵਾਉਣ ਅਤੇ ਇਕ ਹੋਰ ਪ੍ਰੈਸ ਕਾਨਫਰੰਸ ਕਰਨ ਤੋਂ ਇਲਾਵਾ ਰਾਜਾ ਵੜਿੰਗ ਅਤੇ ਉਨ੍ਹਾਂ ਦੇ ਧੜੇ ਦੇ ਆਗੂ ਅਤੇ ਵਰਕਰ ਆਸ਼ੂ ਦੀ ਚੋਣ ਮੁਹਿੰਮ ਦੌਰਾਨ ਨਜ਼ਰ ਨਹੀਂ ਆਏ। ਜ਼ਿਮਨੀ ਚੋਣ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਇਸ ਤੋਂ ਪਹਿਲਾਂ ਉਨ੍ਹਾਂ ਦੀ ਪਤਨੀ ਮਮਤਾ ਆਸ਼ੂ ਨੂੰ ਵੀ ਕੌਂਸਲਰ ਦੀ ਚੋਣ ਵਿੱਚ ਹਾਰ ਦਾ ਮੂੰਹ ਦੇਖਣਾ ਪਿਆ ਸੀ। 2025 ਦੀ ਸ਼ੁਰੂਆਤ ਦੇ ਕੁੱਝ ਮਹੀਨਿਆਂ ਵਿੱਚ ਆਸ਼ੂ ਨੂੰ ਜੇਲ ਯਾਤਰਾ ਵੀ ਕਰਨੀ ਪਈ। ਇਸ ਸਮੇਂ ਲੁਧਿਆਣਾ ਅੰਦਰ ਭਾਰਤ ਭੂਸ਼ਣ ਆਸ਼ੂ ਦੇ ਨਾਲ ਈਸ਼ਵਰ ਜੋ ਸਿੰਘ ਚੀਮਾ ਅਤੇ ਉਹਨਾਂ ਦੇ ਆਪਣੇ ਹਲਕੇ ਦੇ ਕੌਂਸਲਰ ਜਾਂ ਹਾਰੇ ਹੋਏ ਉਮੀਦਵਾਰ ਹੀ ਨਾਲ ਹਨ।

ਜਦਕਿ ਦੂਸਰੇ ਪਾਸੇ ਰਾਜਾ ਵੜਿੰਗ ਦੀ ਹਾਂ ਦੇ ਵਿੱਚ ਹਾਂ ਭਰਨ ਲਈ ਹਰ ਸਮੇਂ ਰਕੇਸ਼ ਪਾਂਡੇ, ਸੁਰਿੰਦਰ ਡਾਵਰ, ਕੁਲਦੀਪ ਸਿੰਘ ਵੈਦ, ਸਿਮਰਜੀਤ ਸਿੰਘ ਬੈਂਸ, ਜਥੇਦਾਰ ਬਲਵਿੰਦਰ ਸਿੰਘ ਬੈਂਸ, ਮਲਕੀਤ ਸਿੰਘ ਦਾਖਾ, ਕ੍ਰਿਸ਼ਨ ਕੁਮਾਰ ਬਾਵਾ, ਪਵਨ ਦੀਵਾਨ, ਮੇਜਰ ਸਿੰਘ ਮੁੱਲਾਂਪੁਰ, ਸੰਜੇ ਤਲਵਾਰ ਸਮੇਤ ਹੋਰ ਕਾਂਗਰਸੀ ਆਗੂ ਹਾਜ਼ਰ ਰਹਿੰਦੇ ਹਨ। ਵੜਿੰਗ ਨੇ ਐੇੱਮ.ਪੀ. ਮਨੀਸ਼ ਤਿਵਾੜੀ ਦੇ ਖਾਸਮ ਖਾਸ ਸੀਨੀਅਰ ਕਾਂਗਰਸੀ ਆਗੂ ਪਵਨ ਦੀਵਾਨ ਨੂੰ ਥਾਪੜਾ ਦੇ ਕੇ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਤੋਂ ਸਰਗਰਮ ਕਰ ਦਿੱਤਾ ਹੈ। ਦੀਵਾਨ ਨੇ ਵੜਿੰਗ ਦਾ ਥਾਪੜਾ ਪ੍ਰਾਪਤ ਕਰਨ ਤੋਂ ਬਾਅਦ ਹਲਕੇ ਅੰਦਰ ਆਪਣੀ ਸਰਗਰਮੀ ਵਧਾ ਦਿੱਤੀ ਹੈ ਅਤੇ ਉਨ੍ਹਾਂ ਨੇ 2027 ਵਿੱਚ ਇਸ ਹਲਕੇ ਤੋਂ ਚੋਣ ਲੜਨ ਲਈ ਦਾਅਵੇਦਾਰੀ ਪੇਸ਼ ਕਰਕੇ ਆਸ਼ੂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਤੇ ਐੱਮਪੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਧੜ੍ਹੇ ਨੂੰ ਤਵੱਜੋ ਦਿੰਦੇ ਹੋਏ ਕਾਂਗਰਸ ਪਾਰਟੀ ਨੇ ਦੂਸਰੀ ਵਾਰ ਸਾਬਕਾ ਵਿਧਾਇਕ ਸੰਜੇ ਤਲਵਾੜ ਨੂੰ ਕਾਂਗਰਸ ਪਾਰਟੀ ਲੁਧਿਆਣਾ ਸ਼ਹਿਰੀ ਦਾ ਪ੍ਰਧਾਨ ਥਾਪਿਆ। ਜਦਕਿ ਆਸ਼ੂ ਧੜਾ ਸਾਬਕਾ ਪ੍ਰਧਾਨ ਤੇ ਸਾਬਕਾ ਕੌਂਸਲਰ ਅਸ਼ਵਨੀ ਸ਼ਰਮਾ ਨੂੰ ਪ੍ਰਧਾਨ ਬਣਾਉਣ ਦੀ ਸਿਫਾਰਿਸ਼ ਕਰ ਰਿਹਾ ਸੀ। ਪ੍ਰਧਾਨ ਬਣਾਉਣ ਦੇ ਮਾਮਲੇ ਵਿੱਚ ਰਾਜਾ ਵੜਿੰਗ ਦੀ ਚੱਲਣ ਕਰਕੇ ਬਹੁ ਗਿਣਤੀ ਕਾਂਗਰਸੀ ਆਗੂ ਤੇ ਵਰਕਰ ਵੜਿੰਗ ਦੀ ਹਾਂ ਵਿੱਚ ਹਾਂ ਮਿਲਾ ਰਹੇ ਹਨ।