ਸਬ–ਇੰਸਪੈਕਟਰ ਸਾਥੀ ਸਮੇਤ 20 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ

24

 

ਹਮੇਸ਼ਾ ਨਸ਼ੇ ਅਤੇ ਮੋਬਾਇਲ ਮਿਲਣ ਦੀਆਂ ਖ਼ਬਰਾਂ ਵਿਚ ਸੁਰੱਖੀਆਂ ’ਚ ਰਹਿਣ ਵਾਲੀ ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਹੁਣ ਭ੍ਰਿਸ਼ਟਾਚਾਰ ਦੇ ਇਕ ਨਵੇਂ ਮਾਮਲੇ ਵਿਚ ਸੁਰੱਖੀਆਂ ’ਚ ਹੈ। ਦੱਸਣਯੋਗ ਹੈ ਕਿ ਪੰਜਾਬ ਵਿਜੀਲੈਂਸ ਬਿਊਰੋ ਨੇ ਇੱਕ ਸਬ- ਇੰਸਪੈਕਟਰ ਅਤੇ ਉਸਦੇ ਸਾਥੀ ਪ੍ਰਾਈਵੇਟ ਆਪ੍ਰੇਟਰ ਨੂੰ 20 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਰਿਸ਼ਵਤ ਦੇ ਦੋਸ਼ ਹੇਠ ਆਏ ਮੁਲਜ਼ਮਾਂ ਦੀ ਪਛਾਣ ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਵਿਚ ਤਾਇਨਾਤ ਪੁਲਿਸ ਚੌਕੀ ਇੰਚਾਰਜ ਸਬ-ਇੰਸਪੈਕਟਰ ਸਰਵਣ ਸਿੰਘ ਅਤੇ ਉਸਦੇ ਸਾਥੀ ਪ੍ਰਦੀਪ ਸਿੰਘ ਪ੍ਰਾਈਵੇਟ ਆਪ੍ਰੇਟਰ ਵਜੋਂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਦੋਵੇਂ ਮੁਲਜ਼ਮਾਂ ਵਿਰੁੱਧ ਕੁਲਦੀਪ ਸਿੰਘ ਵਾਸੀ ਮਠੇਰੇ ਪਿੰਡ ਜ਼ਿਲ੍ਹਾ ਫ਼ਿਰੋਜ਼ਪੁਰ ਵੱਲੋਂ ਦਰਜ ਕਰਵਾਈ ਸ਼ਿਕਾਇਤ ਤੋਂ ਬਾਅਦ ਕੇਸ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਦੱਸਿਆ ਹੈ ਕਿ ਸਬ-ਇੰਸਪੈਕਟਰ ਨੇ ਉਸਦੇ ਭਰਾ ਵਿਰੁੱਧ ਦਰਜ ਮੁਕੱਦਮੇ ਵਿੱਚ ਸ਼ਿਕਾਇਤਕਰਤਾ ਦੀ ਮਦਦ ਕਰਨ ਲਈ 50 ਹਜ਼ਾਰ ਦੀ ਰਿਸ਼ਵਤ ਮੰਗ ਕਰ ਰਿਹਾ ਸੀ ਅਤੇ ਆਪਣੇ ਪ੍ਰਾਈਵੇਟ ਆਪ੍ਰੇਟਰ ਪ੍ਰਦੀਪ ਸਿੰਘ ਰਾਹੀਂ 20000 ਰੁਪਏ ਮੌਕੇ ’ਤੇ ਹੀ ਲੈ ਲਏ ਸਨ। ਦੋਸ਼ਾਂ ਵਿਚ ਲੋੜੀਂਦੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।