ਸਮਾਣਾ ‘ਚ ਕਣਕ ਦੀ ਸਰਕਾਰੀ ਖਰੀਦ ਸ਼ੁਰੂ, ਕਿਸਾਨ ਤੇ ਵਪਾਰੀ ਖੁਸ਼

31

ਪੰਜਾਬ ਭਰ ਦੀਆਂ ਦਾਣਾ ਮੰਡੀਆਂ ਵਿੱਚ ਕਣਕ ਦੀ ਆਮਦ ਸ਼ੁਰੂ ਹੋ ਚੁੱਕੀ ਹੈ। ਅੱਜ ਸਮਾਣਾ ਦੀ ਦਾਣਾ ਮੰਡੀ ਵਿੱਚ ਵੀ ਸਰਕਾਰੀ ਖਰੀਦ ਦੀ ਸ਼ੁਰੂਆਤ ਕਰ ਦਿੱਤੀ ਗਈ। ਖਰੀਦ ਦੀ ਸ਼ੁਰੂਆਤ ਵਿਧਾਇਕ ਚੇਤਨ ਸਿੰਘ ਜੋੜਾ ਮਾਜਰਾ ਵੱਲੋਂ ਕੀਤੀ ਗਈ। ਵਿਧਾਇਕ ਨੇ ਖਰੀਦ ਦੀ ਸ਼ੁਰੂਆਤ ਤੋਂ ਪਹਿਲਾਂ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਆਦੇਸ਼ ਦਿੱਤੇ ਕਿ ਕਿਸੇ ਵੀ ਕਿਸਾਨ, ਵਪਾਰੀ ਜਾਂ ਮਜ਼ਦੂਰ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਨੇ ਕਿਹਾ ਕਿ ਮੰਡੀਆਂ ਵਿੱਚ ਬਾਰਦਾਨਾ ਵਾਫਰ ਮਾਤਰਾ ਵਿੱਚ ਉਪਲੱਬਧ ਹੈ ਅਤੇ ਖਰੀਦ ਸੰਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਦਿੱਤੇ ਗਏ ਹਨ।

ਚੇਤਨ ਸਿੰਘ ਜੋੜਾ ਮਾਜਰਾ ਨੇ ਦੱਸਿਆ ਕਿ ਕਿਸਾਨਾਂ ਨੂੰ 72 ਘੰਟਿਆਂ ਦੇ ਅੰਦਰ ਅੰਦਰ ਪੂਰੀ ਰਕਮ ਦਾ ਭੁਗਤਾਨ ਕਰ ਦਿੱਤਾ ਜਾਵੇਗਾ। ਉਨ੍ਹਾਂ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਕੇਵਲ 12% ਨਮੀ ਵਾਲੀ ਕਣਕ ਹੀ ਮੰਡੀ ਵਿੱਚ ਲੈ ਕੇ ਆਣ, ਤਾਂ ਜੋ ਕਿਸੇ ਤਰ੍ਹਾਂ ਦੀ ਰੁਕਾਵਟ ਨਾ ਆਵੇ। ਮੰਡੀ ਵਿੱਚ ਪਹੁੰਚੇ ਵਪਾਰੀਆਂ ਨੇ ਵੀ ਦੱਸਿਆ ਕਿ ਇਸ ਵਾਰ ਕਣਕ ਦੀ ਝਾੜ ਵਧੀਆ ਹੋਈ ਹੈ, ਜਿਸ ਕਾਰਨ ਕਿਸਾਨ ਵੀ ਖੁਸ਼ ਨੇ। ਉਨ੍ਹਾਂ ਨੇ ਪ੍ਰਸ਼ਾਸਨ ਵੱਲੋਂ ਕੀਤੇ ਗਏ ਪ੍ਰਬੰਧਾਂ ਦੀ ਵੀ ਤਾਰੀਫ਼ ਕੀਤੀ।