ਅੰਮ੍ਰਿਤਸਰ ਦੇ ਮਾਲ ਮੰਡੀ ਇਲਾਕੇ ਵਿੱਚ ਸਥਿਤ ਗੁਰੂ ਤੇਗ ਬਹਾਦਰ ਨਗਰ ਵਿਚ ਇੱਕ ਚਿੰਤਾਜਨਕ ਘਟਨਾ ਵਾਪਰੀ, ਜਿੱਥੇ ਸ਼ਰਾਰਤੀ ਅਨਸਰਾਂ ਵੱਲੋਂ ਤਿੰਨ ਵਾਹਨਾਂ ਨੂੰ ਅੱਗ ਲਾ ਦਿੱਤੀ ਗਈ। ਇਹ ਘਟਨਾ ਰਾਤ ਦੋ ਵਜੇ ਦੇ ਲਗਭਗ ਦੀ ਦੱਸੀ ਜਾ ਰਹੀ ਹੈ, ਜਿਸ ਵਿੱਚ ਐਮਜੀ ਹੈਕਟਰ, ਹੁੰਡਈ ਕ੍ਰੇਟਾ ਅਤੇ ਇੱਕ ਵਪਾਰਕ ਟੈਂਪੋ ਪੂਰੀ ਤਰ੍ਹਾਂ ਸੜ ਗਏ।
ਅੱਗ ਲੱਗਣ ਦੀ ਜਾਣਕਾਰੀ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਅੱਗ ‘ਤੇ ਕਾਬੂ ਪਾਇਆ। ਹਾਲਾਂਕਿ ਤਿੰਨੋਂ ਵਾਹਨਾਂ ਨੂੰ ਗੰਭੀਰ ਨੁਕਸਾਨ ਹੋ ਚੁੱਕਾ ਸੀ। ਘਰ ਦੇ ਬਾਹਰੋਂ ਅੱਗ ਲਗਾਉਣ ਲਈ ਵਰਤੀਆਂ ਗਈਆਂ ਜਲਣਸ਼ੀਲ ਪਦਾਰਥਾਂ ਦੀਆਂ ਬੋਤਲਾਂ ਵੀ ਮਿਲੀਆਂ ਹਨ।
ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਤਿੰਨ ਨੌਜਵਾਨ ਅੱਗ ਲਾਉਂਦੇ ਹੋਏ ਸਾਫ਼ ਦਿੱਖ ਰਹੇ ਹਨ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਫੁਟੇਜ ਦੇ ਆਧਾਰ ‘ਤੇ ਦੋਸ਼ੀਆਂ ਦੀ ਪਛਾਣ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਪੀੜਤ ਪਰਿਵਾਰ ਨੇ ਦੱਸਿਆ ਕਿ ਇਹ ਹਮਲਾ ਰਾਤ ਦੇ ਸਮੇਂ ਕੀਤਾ ਗਿਆ ਅਤੇ ਉਹਨਾਂ ਦੀਆਂ ਗੱਡੀਆਂ ਪੂਰੀ ਤਰ੍ਹਾਂ ਨਸ਼ਟ ਹੋ ਗਈਆਂ। ਉਨ੍ਹਾਂ ਨੇ ਪੁਲਿਸ ਅਧਿਕਾਰੀਆਂ ਨੂੰ ਮੰਗ ਪੱਤਰ ਦੇ ਕੇ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ।













