ਸਿਹਤ ਸਮੱਸਿਆਵਾਂ ਤੋਂ ਲੋਕਾਂ ਨੂੰ ਜਾਗਰੂਕ ਕਰਨ ਲਈ ‘ਯੰਗ ਡਾਕਟਰਜ਼ ਫਾਰ ਸੋਸਾਇਟੀ’ ਨਾਮ ਦੀ ਸੰਸਥਾ ਦਾ ਗਠਨ

34

ਸਮਾਜ ਵਿੱਚ ਵੱਧ ਰਹੀਆਂ ਸਿਹਤ ਸਮੱਸਿਆਵਾਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਅਤੇ ਬਿਮਾਰੀਆਂ ਤੋਂ ਬਚਾਉਣ ਲਈ ਨੰਗਲ-ਸ਼੍ਰੀ ਅਨੰਦਪੁਰ ਸਾਹਿਬ ਇਲਾਕੇ ਦੇ ਸਮਾਜ ਨੂੰ ਸਮਰਪਿਤ ਦੋ ਦਰਜਨ ਦੇ ਕਰੀਬ ਡਾਕਟਰਾਂ ਨੇ ‘ਯੰਗ ਡਾਕਟਰਜ਼ ਫਾਰ ਸੋਸਾਇਟੀ’ ਨਾਮ ਦੀ ਸੰਸਥਾ ਦਾ ਗਠਨ ਕੀਤਾ ਹੈ। ਇਸ ਸੰਸਥਾ ਵਿੱਚ ਇਲਾਕੇ ਦੇ ਵੱਖ ਵੱਖ ਖੇਤਰਾਂ ਵਿੱਚ ਸਰਕਾਰੀ ਖੇਤਰ ਦੇ ਸਿਵਲ ਹਸਪਤਾਲ ਸ਼੍ਰੀ ਅਨੰਦਪੁਰ ਸਾਹਿਬ, ਸਿਵਲ ਹਸਪਤਾਲ ਨੰਗਲ, ਬੀ ਬੀ ਐਮ ਬੀ ਹਸਪਤਾਲ ਨੰਗਲ ਵਿੱਚ ਕੰਮ ਕਰ ਰਹੇ ਅਤੇ ਕਈ ਨਾਮੀ ਪ੍ਰਾਇਵੇਟ ਹਸਪਤਾਲਾਂ ਦੇ ਕਈ ਵਿਸ਼ੇਸ਼ ਰੋਗਾਂ ਦੇ ਮਾਹਿਰ ਡਾਕਟਰ ਸ਼ਾਮਿਲ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਇਸ ਸੋਸਾਇਟੀ ਦੇ ਸਪੋਕਸਪਰਸਨ ਡਾਕਟਰ ਜੇ ਐਸ ਕਹਿਲ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਦੱਸਿਆ ਕਿ ਪ੍ਰਧਾਨ ਡਾਕਟਰ ਸੁਰਿੰਦਰ ਕੌਰ ਮੋਜੂਦਾ ਇੰਚਾਰਜ਼ ਸਿਵਲ ਹਸਪਤਾਲ ਨੰਗਲ ਦੀ ਅਗਵਾਈ ਅਤੇ ਚੀਫ ਪੈਟਰਨ ਡਾਕਟਰ ਜਤਿੰਦਰ ਕੌਰ ਦੀ ਅਗਵਾਈ ਵਿੱਚ ਇਸ ਸੋਸਾੲਟੀ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸੋਸਾਇਟੀ ਵਿੱਚ ਸ਼ਾਮਿਲ ਬਹੁਤੇ ਡਾਕਟਰ ਇਲਾਕੇ ਨਾਲ ਹੀ ਸਬੰਧਿਤ ਹਨ ਅਤੇ ਉਨ੍ਹਾਂ ਦੇ ਬਹੁਤੇ ਪਰਿਵਾਰ ਅਤੇ ਰਿਸ਼ਤੇਦਾਰ ਇਲਾਕੇ ਵਿੱਚ ਹੀ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਇਲਾਕੇ ਨਾਲ ਸਬੰਧਿਤ ਹੋਣ ਕਾਰਨ ਇਲਾਕੇ ਦੇ ਲੋਕਾਂ ਪ੍ਰਤੀ ਡਾਕਟਰਾਂ ਦੇ ਕਈ ਫਰਜ਼ ਹਨ ਜਿਸ ਲਈ ਇਸ ਸੰਸਥਾ ਨਾਲ ਜੁੜ੍ਹੇ ਇਨ੍ਹਾਂ ਡਾਕਟਰਾਂ ਨੇ ਇਲਾਕੇ ਨੂੰ ਸਿਹਤਮੰਦ ਰੱਖਣ ਲਈ ਅਪਣਾ ਕੁੱਝ ਸਮਾਂ ਅਤੇ ਸੇਵਾਵਾਂ ਇਲਾਕੇ ਦੇ ਲੋਕਾਂ ਨੂੰ ਦੇਣ ਦਾ ਫੈਸਲਾ ਕੀਤਾ ਹੈ।

ਸੋਸਾਇਟੀ ਦੇ ਪ੍ਰਧਾਨ ਡਾਕਟਰ ਸੁਰਿੰਦਰ ਕੌਰ ਨੇ ਦੱਸਿਆ ਕਿ ਸਰਕਾਰ ਵਲੋਂ ਸਮੇਂ ਸਮੇਂ ਤੇ ਚਲਾਈਆਂ ਜਾ ਰਹੀਆਂ ਸਿਹਤ ਅਤੇ ਪਰਿਵਾਰ ਭਲਾਈ ਸਕੀਮਾਂ ਦਾ ਲਾਭ ਇਲਾਕੇ ਦੇ ਆਮ ਲੋਕਾਂ ਤੱਕ ਪਹੁੰਚਾਣ ਲਈ ਇਹ ਸੋਸਾਇਟੀ ਵੱਖ ਵੱਖ ਇਲਾਕਿਆਂ ਦੇ ਵਿਦਿੱਅਕ ਅਤੇ ਸਮਾਜਿਕ ਅਦਾਰਿਆਂ ਵਿੱਚ ਜਾਗਰੁਕਤਾ ਕੈਂਪਾਂ ਦਾ ਆਯੋਜਨ ਕਰੇਗੀ। ਉਨ੍ਹਾਂ ਦੱਸਿਆ ਕਿ ਇਸ ਸੋਸਾਇਟੀ ਦੇ ਸਮੂਹ ਮੈਂਬਰਾਂ ਨੇ ਫੈਸਲਾ ਕੀਤਾ ਹੈ ਕਿ ਇਲਾਕੇ ਦੇ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣ ਅਤੇ ਸਿਹਤਮੰਦ ਰੱਖਣ ਲਈ ਜਾਗਰੂਕਤਾ ਅਭਿਆਨ ਚਲਾਇਆ ਜਾਵੇਗਾ।

ਡਾਕਟਰ ਰਾਜੇਸ਼ ਕੁਮਾਰ ਬੈਂਸ ਵਾਇਸ ਪ੍ਰਧਾਨ ਨੇ ਦੱਸਿਆ ਕਿ ਸਿਹਤ ਅਤੇ ਮੈਡੀਕਲ ਖੇਤਰ ਸਬੰਧੀ ਕਈ ਤਰਾਂ ਦੀਆਂ ਗੱਲਤ ਜਾਣਕਾਰੀਆਂ ਸੋਸ਼ਲ ਮੀਡੀਆ ਤੇ ਵੇਖਣ ਨੂੰ ਮਿਲਦੀਆਂ ਹਨ ਜਿਨ੍ਹਾਂ ਤੋਂ ਪ੍ਰਭਾਵਿਤ ਹੋਕੇ ਕਈ ਵਾਰ ਲੋਕ ਅਪਣਾ ਕੀਮਤੀ ਸਮਾਂ ਅਤੇ ਮਿਹਨਤ ਦੀ ਕਮਾਈ ਬਰਬਾਦ ਕਰ ਦਿੰਦੇ ਹਨ ਅਤੇ ਇਸ ਸੋਸ਼ਣ ਤੋਂ ਬਚਾਉਣ ਲਈ ਜਾਗਰੁਕਤਾਂ ਕੈਂਪਾਂ ਰਾਹੀਂ ਲੋਕਾਂ ਨੂੰ ਮੈਡੀਕਲ ਖੇਤਰ ਨਾਲ ਸਬੰਧਿਤ ਸਹੀ ਜਾਣਕਾਰੀ ਦਿਤੀ ਜਾਵੇਗੀ।

ਸੋਸਾਇਟੀ ਦੇ ਮੁੱਖ ਸਲਾਹਕਾਰ ਡਾਕਟਰ ਰਣਵੀਰ ਸਿੰਘ ਅਤੇ ਡਾਕਟਰ ਵਿਸ਼ਾਲ ਸਿੰਗਲਾ ਨੇ ਦੱਸਿਆ ਕਿ ਇਸ ਇਲਾਕੇ ਦੇ ਕਾਫੀ ਲੋਕ ਆਰਥਿਕ ਪੱਖੋਂ ਗਰੀਬ ਹਨ । ਉਨ੍ਹਾਂ ਨੇ ਸਮਾਜਿਕ ਅਤੇ ਵਿਦਿੱਅਕ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਅਪਣੇ ਅਦਾਰਿਆਂ ਵਿੱਚ ਸਿਹਤ ਸਬੰਧੀ ਜਾਗਰੁਕਤਾ ਕੈਂਪਾਂ ਦਾ ਆਯੋਜਨ ਕਰਨ ਲਈ ਇਸ ਸੰਸਥਾ ਦੇ ਮੈਂਬਰਾਂ ਨਾਲ ਸੰਪਰਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਸੋਸਾਇਟੀ ਵਿੱਚ ਆਣ ਵਾਲੇ ਸਮੇਂ ਵਿੱਚ ਸਮਾਜ ਨੂੰ ਸਮਰਪਿਤ ਹੋਰ ਵੀ ਕਈ ਡਾਕਟਰ ਸ਼ਾਮਿਲ ਹੋ ਰਹੇ ਹਨ।