ਭਾਰਤ ਮਾਲਾ ਅਧੀਨ ਬਣ ਰਹੀ ਸੜਕ ਦੇ ਨਾਲ ਅਧਿਕਾਰੀਆਂ ਵੱਲੋਂ ਬਣਾਈ ਜਾ ਰਹੀ ਸਰਵਿਸ ਲੈਣ ਸੜਕ ਪਿੰਡ ਮਛਾਣਾ ਨਜਦੀਕ ਪਹਿਲੇ ਹਲਕੇ ਮੀਂਹ ਕਾਰਨ ਹੀ ਕਈ ਥਾਵਾਂ ਤੋਂ ਲੀਰੋ ਲੀਰ ਹੋ ਗਈ। ਪਿੰਡ ਵਾਸੀਆਂ ਵੱਲੋਂ ਸੜਕ ਬਣਾਉਣ ਵਾਲੇ ਅਧਿਕਾਰੀਆਂ ਤੇ ਘਟੀਆ ਮਟੀਰੀਅਲ ਵਰਤਣ ਦੇ ਗੰਭੀਰ ਰੂਪ ਲਗਾਏ ਹਨ। ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਵੱਲੋਂ ਗੁਜਰਾਤ ਦੇ ਜਾਮ ਨਗਰ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਤੱਕ ਭਾਰਤ ਮਾਲਾ ਨਾਂ ਹੇਠ ਸੜਕ ਦਾ ਨਿਰਮਾਣ ਕਾਰਜ ਕੀਤਾ ਜਾ ਰਿਹਾ ਹੈ। ਅਧਿਕਾਰੀਆਂ ਵੱਲੋਂ ਮੁੱਖ ਸੜਕ ਦੇ ਦੋਵਾ ਪਾਸੇ ਪਿੰਡ ਵਾਸੀਆਂ ਦੇ ਆਉਣ ਜਾਣ ਲਈ ਸਰਵਿਸ ਲੈਣ ਸੜਕ ਵੀ ਬਣਾਈ ਜਾ ਰਹੀ ਹੈ।ਬੀਤੀ ਰਾਤ ਹੋਈ ਹਲਕੀ ਬਰਸਾਤ ਕਾਰਨ ਪਿੰਡ ਮਛਾਣਾ ਨਜ਼ਦੀਕ ਹਾਲੇ ਪੰਦਰਾਂ ਦਿਨ ਪਹਿਲਾ ਬਣਾਈ ਸਰਵਿਸ ਲੈਣ ਸੜਕ ਕਈ ਥਾਵਾਂ ਤੋਂ ਜਮੀਨ ਚ ਧਸ ਕੇ ਬੁਰੀ ਤਰ੍ਹਾਂ ਟੁੱਟ ਗਈ। ਪਿੰਡ ਵਾਸੀਆਂ ਦਾ ਕਹਿਣਾ ਸੀ ਇਸ ਸੜਕ ਤੇ ਵੱਡੇ ਵੱਡੇ ਟਿੱਪਰ ਚੱਲਣੇ ਹਨ ਪ੍ਰੰਤੂ ਇਹ ਹਲਕੇ ਮੀਂਹ ਕਾਰਨ ਹੀ ਜਮੀਨ ਵਿੱਚ ਤਰਸ ਗਈ ਉਹਨਾਂ ਕੰਪਨੀ ਕਰਮਚਾਰਿਆਂ ਤੇ ਆਰੋਪ ਲਗਾਇਆ ਹੈ ਕਿ ਸੜਕ ਬਣਾਉਣ ਸਮੇਂ ਘਟੀਆ ਮਟੀਰੀਅਲ ਦੀ ਵਰਤੋਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਹਲਕੇ ਮੀਂਹ ਕਾਰਨ ਹੀ ਸੜਕ ਦਾ ਇਹ ਹਾਲ ਹੈ ਤਾਂ ਸਾਉਣ ਭਾਦੋਂ ’ਚ ਜਦੋਂ ਭਾਰੀ ਬਰਸਾਤ ਹੋਵੇਗੀ ਤਾਂ ਸੜਕ ਦਾ ਕੀ ਹਾਲ ਹੋਵੇਗਾ ਇਸ ਤੋਂ ਸਹਿਜੇ ਹੀ ਅੰਦਾਜਾ ਲਗਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸੜਕ ਦੇ ਇਸ ਤਰ੍ਹਾਂ ਟੁੱਟਣ ਕਾਰਨ ਸੜਕ ਤੇ ਚੱਲਦੇ ਰਾਹਗੀਰ ਦਾ ਵੀ ਜਾਨੀ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਸਬੰਧਿਤ ਅਧਿਕਾਰੀਆਂ ਤੋਂ ਜਾਂਚ ਦੀ ਮੰਗ ਕੀਤੀ ਹੈ।













