Sell-Aid Desk 24/7- ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਹੈਰੋਇਨ ਦੀ ਵਪਾਰਕ ਮਾਤਰਾ ਨਾਲ ਜੁੜੇ ਇਕ ਮਾਮਲੇ ਵਿਚ ਵਾਹਨ ਮਾਲਕ ਆਕਾਸ਼ਦੀਪ ਸਿੰਘ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਖ਼ਾਰਿਜ ਕਰ ਦਿੱਤੀ ਹੈ। ਅਦਾਲਤ ਨੇ ਸਾਫ ਕੀਤਾ ਕਿ ਅਜਿਹੇ ਗੰਭੀਰ ਮਾਮਲਿਆਂ ਵਿਚ ਹਿਰਾਸਤ ਵਿਚ ਪੁੱਛਗਿੱਛ ਜ਼ਰੂਰੀ ਹੈ ਅਤੇ ਇਸ ਨੂੰ ਸਜ਼ਾ ਦੇ ਤੌਰ ‘ਤੇ ਨਹੀਂ ਦੇਖਿਆ ਜਾ ਸਕਦਾ। ਇਹ ਜਾਂਚ ਨੂੰ ਸਹੀ ਦਿਸ਼ਾ ਵਿਚ ਲਿਜਾਣ ਅਤੇ ਅਪਰਾਧ ਦੀ ਜੜ੍ਹ ਤੱਕ ਪਹੁੰਚਣ ਦਾ ਇਕ ਜਾਇਜ਼ ਸਾਧਨ ਹੈ।
ਇਹ ਅਰਜ਼ੀ ਐਨਡੀਪੀਐਸ ਐਕਟ ਦੇ ਤਹਿਤ ਅੰਮ੍ਰਿਤਸਰ ਜ਼ਿਲ੍ਹੇ ਦੇ ਘਰਿੰਦਾ ਥਾਣੇ ਵਿਚ ਦਰਜ ਕੀਤੀ ਗਈ ਐਫਆਈਆਰ ਦੇ ਸਬੰਧ ਵਿਚ ਦਾਇਰ ਕੀਤੀ ਗਈ ਸੀ। ਮਾਮਲੇ ਅਨੁਸਾਰ, ਅੰਤਰਰਾਸ਼ਟਰੀ ਸਰਹੱਦ ਨੇੜੇ ਲਾਵਾਰਿਸ ਹਾਲਤ ਵਿਚ ਖੜ੍ਹੇ ਇਕ ਹੌਂਡਾ ਐਕਟਿਵਾ ਸਕੂਟਰ ਤੋਂ 421 ਗ੍ਰਾਮ ਹਿਰੋਇਨ ਬਰਾਮਦ ਕੀਤੀ ਗਈ ਸੀ, ਜੋ ਵਪਾਰਕ ਮਾਤਰਾ ਦੇ ਵਰਗ ਵਿਚ ਆਉਂਦੀ ਹੈ।
ਸ਼ੁਰੂ ਵਿਚ ਇਹ ਐੱਫਆਈਆਰ ਅਣਜਾਣ ਵਿਅਕਤੀ ਦੇ ਖ਼ਿਲਾਫ਼ ਦਰਜ ਕੀਤੀ ਗਈ ਸੀ ਪਰ ਜਾਂਚ ਵਿਚ ਪਤਾ ਲੱਗਾ ਕਿ ਸਕੂਟਰ ਆਕਾਸ਼ਦੀਪ ਸਿੰਘ ਦੇ ਨਾਂ ‘ਤੇ ਰਜਿਸਟਰਡ ਹੈ। ਪਟੀਸ਼ਨਰ ਨੇ ਅਦਾਲਤ ਵਿਚ ਦਾਅਵਾ ਕੀਤਾ ਕਿ ਸਕੂਟਰ ਉਸਦਾ ਇਕ ਦੋਸਤ ਉਸਦੀ ਆਗਿਆ ਦੇ ਬਿਨਾਂ ਲੈ ਗਿਆ ਸੀ। ਹਾਲਾਂਕਿ, ਹਾਈ ਕੋਰਟ ਨੇ ਇਸ ਦਲੀਲ ਨੂੰ ਬੇਬੁਨਿਆਦ ਕਰਾਰ ਦਿੱਤਾ।
ਅਦਾਲਤ ਨੇ ਕਿਹਾ ਕਿ ਰਿਕਾਰਡ ‘ਤੇ ਅਜਿਹਾ ਕੋਈ ਠੋਸ ਸਬੂਤ ਨਹੀਂ ਹੈ, ਜਿਸ ਨਾਲ ਇਹ ਸਾਬਤ ਹੋ ਸਕੇ ਕਿ ਵਾਹਨ ਕਿਸੇ ਹੋਰ ਵਿਅਕਤੀ ਨੇ ਪਟੀਸ਼ਨਰ ਦੀ ਜਾਣਕਾਰੀ ਦੇ ਬਿਨਾਂ ਵਰਤਿਆ। ਅਦਾਲਤ ਨੇ ਇਹ ਵੀ ਧਿਆਨ ਵਿਚ ਰੱਖਿਆ ਕਿ ਪਟੀਸ਼ਨਰ ਦੇ ਖ਼ਿਲਾਫ਼ ਇਸੇ ਤਰ੍ਹਾਂ ਦਾ ਇਕ ਹੋਰ ਐਨਡੀਪੀਐਸ ਮਾਮਲਾ ਪਹਿਲਾਂ ਤੋਂ ਲੰਬਿਤ ਹੈ। ਅਦਾਲਤ ਨੇ ਕਿਹਾ ਕਿ ਹਿਰਾਸਤ ਵਿਚ ਪੁੱਛਗਿੱਛ ਜ਼ਰੂਰੀ ਹੈ ਤਾਂ ਜੋ ਤਸਕਰੀ ਦੇ ਨੈੱਟਵਰਕ ਨੂੰ ਉਜਾਗਰ ਕੀਤਾ ਜਾ ਸਕੇ ਅਤੇ ਨਿਆਂਪੂਰਕ ਜਾਂਚ ਯਕੀਨੀ ਬਣਾਈ ਜਾ ਸਕੇ।













