Sell-Aid Desk 24/7- ਸੀਨੀਅਰ ਕਾਂਗਰਸੀ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਖ਼ਿਲਾਫ਼ ਕੀਤੀ ਟਿੱਪਣੀ ਮਗਰੋਂ ਸੂਬੇ ਦੀ ਸਿਆਸਤ ਭਖ ਗਈ ਹੈ। ਅੱਜ ਰੋਹ ’ਚ ਆਏ ‘ਆਪ’ ਆਗੂਆਂ ਨੇ ਇਥੇ ਸੈਕਟਰ 4 ਸਥਿਤ ਐੱਮ ਐੱਲ ਏ ਹੋਸਟਲ ਵਿੱਚ ਪ੍ਰਦਰਸ਼ਨ ਕੀਤਾ। ਇਸ ਦੌਰਾਨ ਕਈ ਕੈਬਨਿਟ ਮੰਤਰੀ, ਵਿਧਾਇਕ, ਚੇਅਰਮੈਨ ਅਤੇ ਹੋਰ ਪਾਰਟੀ ਦੇ ਸੀਨੀਅਰ ਆਗੂਆਂ ਦੀ ਅਗਵਾਈ ਹੇਠ ਵੱਡੀ ਗਿਣਤੀ ਪਾਰਟੀ ਵਰਕਰ ਚੰਡੀਗੜ੍ਹ ਸਥਿਤ ਪ੍ਰਤਾਪ ਸਿੰਘ ਬਾਜਵਾ ਦੇ ਘਰ ਦਾ ਘਿਰਾਓ ਕਰਨ ਲਈ ਅੱਗੇ ਵਧੇ। ਚੰਡੀਗੜ੍ਹ ਪੁਲੀਸ ਨੇ ਐੱਮ ਐੱਲ ਏ ਹੋਸਟਲ ਦੇ ਗੇਟ ’ਤੇ ਹੀ ‘ਆਪ’ ਵਰਕਰਾਂ ਨੂੰ ਬੈਰੀਕੇਡ ਲਗਾ ਕੇ ਰੋਕ ਦਿੱਤਾ। ਜਦੋਂ ‘ਆਪ’ ਆਗੂਆਂ ਨੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਨੇ ਪ੍ਰਦਰਸ਼ਨਕਾਰੀਆਂ ’ਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ। ਇਸ ਦੇ ਨਾਲ ਹੀ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਤੇ ਹਰਭਜਨ ਸਿੰਘ ਈ ਟੀ ਓ ਸਣੇ ਦਰਜਨਾਂ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ, ਜਿਨ੍ਹਾਂ ਨੂੰ ਬਾਅਦ ਦੁਪਹਿਰ ਛੱਡਿਆ।
ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਨੇ ਪ੍ਰਤਾਪ ਸਿੰਘ ਬਾਜਵਾ ਅਤੇ ਰਾਜਾ ਵੜਿੰਗ ’ਤੇ ਸਿਆਸੀ ਹਮਲਾ ਕਰਦਿਆਂ ਕਿਹਾ ਕਿ ਦੋਵੇਂ ਆਗੂ ਮਿਹਨਤ ਦੀ ਕਮਾਈ ਕਰਨ ਵਾਲਿਆਂ ਦਾ ਮਜ਼ਾਕ ਉਡਾਉਣ ਲੱਗੇ ਹੋਏ ਹਨ, ਜੋ ਸ਼ਰਮਨਾਕ ਹੈ। ਉਨ੍ਹਾਂ ਕਿਹਾ, ‘‘ਮੇਰੇ ਪਿਤਾ ਬੈਂਡ ਮਾਸਟਰ ਸਨ, ਜਿਨ੍ਹਾਂ ਨੇ ਮਿਹਨਤ ਕਰ ਕੇ ਸਾਨੂੰ ਪੜ੍ਹਾ ਲਿਖਾ ਕੇ ਇੱਥੇ ਤੱਕ ਪਹੁੰਚਾਇਆ ਹੈ।’’ ਉਨ੍ਹਾਂ ਕਿਹਾ ਕਿ ਬਾਜਵਾ ਅਤੇ ਵੜਿੰਗ ਵਰਗੇ ਆਗੂਆਂ ਨੂੰ ਦਲਿਤ ਤੇ ਗਰੀਬ ਪਰਿਵਾਰਾਂ ਦਾ ਕੋਈ ਜੀਅ ਮੰਤਰੀ ਬਣਦਾ ਹਜ਼ਮ ਨਹੀਂ ਹੁੰਦਾ। ਇਸੇ ਕਰ ਕੇ ਬਾਜਵਾ ਨੇ ਕਿਹਾ ਹੈ, ‘‘ਬੈਂਡ ਵਜਾਉਣ ਵਾਲੇ ਦੇ ਪੁੱਤ ਦਾ ਬੈਂਡ ਵਜਾ ਦਿਆਂਗੇ ਅਤੇ ਵੜਿੰਗ ਨੇ ਕਿਹਾ ਹੈ ਕਿ ਈ ਟੀ ਓ ਦੀ ਧੌਣ ਮਰੋੜਨ ’ਚ ਸਿਰਫ਼ 3 ਮਿੰਟ ਲੱਗਦੇ ਹਨ।’’ ਕੈਬਨਿਟ ਮੰਤਰੀ ਨੇ ਕਿਹਾ ਕਿ ਜੇ ਬਾਜਵਾ ਨੇ ਤੁਰੰਤ ਮੁਆਫੀ ਨਾ ਮੰਗੀ, ਤਾਂ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਵਾਵਾਂਗੇ। ਕੈਬਨਿਟ ਮੰਤਰੀ ਚੀਮਾ ਨੇ ਕਿਹਾ ਕਿ ਕਾਂਗਰਸ, ਅਕਾਲੀ ਦਲ ਤੇ ਭਾਜਪਾ ਵਰਗੀਆਂ ਪਾਰਟੀਆਂ ਨੇ ਹਮੇਸ਼ਾ ਪਰਿਵਾਰਵਾਦ ਨੂੰ ਉਤਸ਼ਾਹਿਤ ਕੀਤਾ ਹੈ ਜਦਕਿ ‘ਆਪ’ ਨੇ ਪਰਿਵਾਰਵਾਦ ਦੀ ਸਿਆਸਤ ਨੂੰ ਖਤਮ ਕਰਦਿਆਂ ਆਮ ਘਰਾਂ ਦੇ ਪੜ੍ਹੇ-ਲਿਖੇ ਨੌਜਵਾਨਾਂ ਨੂੰ ਵਿਧਾਨ ਸਭਾ ਅਤੇ ਕੈਬਨਿਟ ਤੱਕ ਪਹੁੰਚਾਇਆ ਹੈ।
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਬੈਂਡ ਵਾਜੇ ਵਾਲੀ ਟਿੱਪਣੀ ਦੇ ਮਾਮਲੇ ’ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਤਲਬ ਕੀਤਾ ਹੈ। ਕਮਿਸ਼ਨ ਨੇ ਅੱਜ ਨੋਟਿਸ ਭੇਜ ਕੇ ਪ੍ਰਤਾਪ ਸਿੰਘ ਬਾਜਵਾ ਨੂੰ ਕਮਿਸ਼ਨ ਅੱਗੇ 11 ਫਰਵਰੀ ਨੂੰ ਬਾਅਦ ਦੁਪਹਿਰ ਤਿੰਨ ਵਜੇ ਪੇਸ਼ ਹੋਣ ਲਈ ਕਿਹਾ ਹੈ। ਇਸੇ ਦੌਰਾਨ ਕਮਿਸ਼ਨ ਨੇ ਐੱਸ ਐੱਸ ਪੀ ਅੰਮ੍ਰਿਤਸਰ ਤੋਂ ਵੀ ਇਸ ਬਾਰੇ ਕਾਨੂੰਨੀ ਰਿਪੋਰਟ ਮੰਗ ਲਈ ਹੈ। ਚੇਤੇ ਰਹੇ ਕਿ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਸਿਆਸੀ ਰੈਲੀ ’ਚ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦੇ ਹਵਾਲੇ ਨਾਲ ਇੱਕ ਟਿੱਪਣੀ ਕੀਤੀ ਸੀ ਜਿਸ ਨੂੰ ‘ਆਪ’ ਨੇ ਦਲਿਤ ਵਰਗ ’ਤੇ ਹਮਲਾ ਦੱਸਿਆ। ਆਮ ਆਦਮੀ ਪਾਰਟੀ ਦੇ ਆਗੂ ਆਖ ਰਹੇ ਹਨ ਕਿ ਬਾਜਵਾ ਨੇ ਕੈਬਨਿਟ ਮੰਤਰੀ ਈਟੀਓ ਦੇ ਪਰਿਵਾਰਕ ਕਿੱਤੇ ਬਾਰੇ ਅਸੱਭਿਅਕ ਭਾਸ਼ਾ ਦੀ ਵਰਤੋਂ ਕੀਤੀ ਹੈ।
ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਦੀ ਟਿੱਪਣੀ ਕਿਸੇ ਵਿਸ਼ੇਸ਼ ਜਾਤ ਜਾਂ ਭਾਈਚਾਰੇ ਲਈ ਨਹੀਂ ਸੀ। ਉਨ੍ਹਾਂ ਦਾ ਬਿਆਨ ਆਮ ਸੰਦਰਭ ਵਿੱਚ ਤੇ ਖੁੱਲ੍ਹੇ ਤੌਰ ’ਤੇ ਦਿੱਤਾ ਗਿਆ ਹੈ। ਉਸ ਵੇਲੇ ਮੰਚ ’ਤੇ ਦਲਿਤ ਭਾਈਚਾਰੇ ਨਾਲ ਸਬੰਧਤ ਕਈ ਆਗੂ ਮੌਜੂਦ ਸਨ ਪਰ ‘ਆਪ’ ਵੱਲੋਂ ਉਸ ਦਾ ਅਕਸ ਖਰਾਬ ਕਰਕੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਲਗਾਤਾਰ ਵਿਗੜ ਰਹੀ ਹੈ ਅਤੇ ਸੂਬੇ ਸਿਰ ਕਰਜ਼ਾ ਲਗਾਤਾਰ ਵਧਦਾ ਜਾ ਰਿਹਾ ਹੈ ਪਰ ਪੰਜਾਬ ਦੇ ਕੈਬਨਿਟ ਮੰਤਰੀ ਪ੍ਰਸ਼ਾਸਕੀ ਤੇ ਵਿੱਤੀ ਚੁਣੌਤੀਆਂ ਦਾ ਸਾਹਮਣਾ ਕਰਨ ਦੀ ਬਜਾਏ ਸਿਆਸੀ ਨਾਟਕਬਾਜ਼ੀ ਕਰਨ ਲੱਗੇ ਹੋਏ ਹਨ। ਉਨ੍ਹਾਂ ‘ਆਪ’ ਨੂੰ ਅਪੀਲ ਕੀਤੀ ਕਿ ਉਹ ਨਾਟਕਬਾਜ਼ੀ ਤੋਂ ਉੱਪਰ ਉੱਠ ਕੇ ਪੰਜਾਬ ਦੇ ਅਸਲ ਮੁੱਦਿਆ ਦਾ ਹੱਲ ਕਰਨ।













