ਸਰਕਾਰੀ ਜੀ.ਐੱਨ.ਐੱਮ. ਨਰਸਿੰਗ ਸਕੂਲ, ਸਿਵਲ ਹਸਪਤਾਲ ਬੱਬਰੀ, ਗੁਰਦਾਸਪੁਰ ਦੀਆਂ ਵਿਦਿਆਰਥਣਾਂ ਲਈ ਹੋਸਟਲ ਦੀ ਮੰਗ ਨੂੰ ਆਖ਼ਰ 11 ਸਾਲ ਬਾਅਦ ਬੂਰ ਪਿਆ ਹੈ। ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਦੀਆਂ ਕੋਸ਼ਿਸ਼ਾਂ ਸਦਕਾ ਪੰਜਾਬ ਸਰਕਾਰ ਨੇ ਲੜਕੀਆਂ ਦੇ ਹੋਸਟਲ ਵਾਸਤੇ 2.15 ਕਰੋੜ ਰੁਪਏ ਮਨਜ਼ੂਰ ਕੀਤੇ ਹਨ, ਜਿਸ ਤੋਂ ਬਾਅਦ ਹੁਣ ਹੋਸਟਲ ਦੀ ਉਸਾਰੀ ਸ਼ੁਰੂ ਹੋ ਸਕੀ ਹੈ।ਚੇਅਰਮੈਨ ਰਮਨ ਬਹਿਲ ਵੱਲੋਂ ਅੱਜ ਦਹਾਕੇ ਤੋਂ ਵੱਧ ਪੁਰਾਣੀ ਮੰਗ ਨੂੰ ਪੂਰਾ ਕਰਦੇ ਹੋਏ ਸਰਕਾਰੀ ਜੀਐੱਨਐੱਮ ਨਰਸਿੰਗ ਸਕੂਲ, ਸਿਵਲ ਹਸਪਤਾਲ ਬੱਬਰੀ, ਗੁਰਦਾਸਪੁਰ ਵਿਖੇ ਲੜਕੀਆਂ ਦੇ ਹੋਸਟਲ ਦਾ ਨੀਂਹ ਪੱਥਰ ਰੱਖਿਆ ਗਿਆ। ਰਾਜ ਸਰਕਾਰ ਵੱਲੋਂ ਲੜਕੀਆਂ ਦੇ ਇਸ ਹੋਸਟਲ ਦੀ ਉਸਾਰੀ ਉੱਪਰ 2.25 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ।
ਹੋਸਟਲ ਦਾ ਨੀਂਹ ਪੱਥਰ ਰੱਖਣ ਮੌਕੇ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਲੜਕੀਆਂ ਦੇ ਹੋਸਟਲ ਦੀ ਉਸਾਰੀ ਦਾ ਕੰਮ 2014 ਤੋਂ ਬੰਦ ਪਿਆ ਸੀ ਅਤੇ ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ-ਭਾਜਪਾ ਅਤੇ ਕਾਂਗਰਸ ਦੀਆਂ ਸਰਕਾਰਾਂ ਦਾ ਰਾਜ ਰਿਹਾ ਪਰ ਇਨ੍ਹਾਂ ਰਿਵਾਇਤੀ ਪਾਰਟੀਆਂ ਦੇ ਸਥਾਨਿਕ ਵਿਧਾਇਕਾਂ ਵੱਲੋਂ ਇਸ ਬੇਹੱਦ ਅਹਿਮ ਲੋੜ ਨੂੰ ਪੂਰਾ ਕਰਨ ਵੱਲ ਜਾਣ-ਬੁੱਝ ਕੇ ਕੋਈ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰੀ ਜੀ.ਐੱਨ.ਐੱਮ. ਨਰਸਿੰਗ ਸਕੂਲ, ਸਿਵਲ ਹਸਪਤਾਲ ਬੱਬਰੀ, ਗੁਰਦਾਸਪੁਰ ਵਿਖੇ ਹੋਸਟਲ ਨਾ ਹੋਣ ਕਾਰਨ ਏਥੇ ਪੜ੍ਹਦੀਆਂ ਸਾਡੀਆਂ ਧੀਆਂ ਨੂੰ ਬਹੁਤ ਹੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਪਿੰਡਾਂ ਅਤੇ ਦੂਰ-ਦੁਰਾਡੇ ਦੀਆਂ ਕਈ ਲੜਕੀਆਂ ਸਿਰਫ਼ ਹੋਸਟਲ ਦੀ ਸਹੂਲਤ ਨਾ ਹੋਣ ਕਾਰਨ ਜੀ.ਐੱਨ.ਐੱਮ. ਦੀ ਪੜ੍ਹਾਈ ਨਹੀਂ ਕਰ ਸਕੀਆਂ।
ਬਹਿਲ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਲੜਕੀਆਂ ਦੀ ਇਸ ਬਹੁਤ ਹੀ ਅਹਿਮ ਮੰਗ ਦਾ ਪਤਾ ਲੱਗਾ ਤਾਂ ਉਨ੍ਹਾਂ ਇਸ ਸਬੰਧੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਮੁਲਾਕਾਤ ਕੀਤੀ। ਬਹਿਲ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਬੜੀ ਤਸੱਲੀ ਤੇ ਮਾਣ ਹੈ ਕਿ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਨੇ ਉਨ੍ਹਾਂ ਦੀ ਇਸ ਮੰਗ ਨੂੰ ਮੰਨਦਿਆਂ ਹੋਸਟਲ ਦੀ ਉਸਾਰੀ ਲਈ 2.15 ਕਰੋੜ ਰੁਪਏ ਜਾਰੀ ਕਰ ਦਿੱਤੇ।
ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਆਖਰਕਾਰ 11 ਸਾਲਾਂ ਬਾਅਦ, ਕੁੜੀਆਂ ਦੇ ਹੋਸਟਲ ਦੀ ਉਸਾਰੀ ਸ਼ੁਰੂ ਹੋ ਗਈ ਹੈ ਅਤੇ ਇਹ ਇਸ ਸਾਲ ਦੇ ਅੰਤ ਤੱਕ ਪੂਰਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਹੋਸਟਲ ਦੀ ਇਮਾਰਤ ਵਿੱਚ 26 ਕਮਰੇ ਬਣਾਏ ਜਾਣਗੇ, ਜਿਸ ਵਿੱਚ 64 ਕੁੜੀਆਂ ਲਈ ਰਿਹਾਇਸ਼ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਹੋਸਟਲ ਵਿੱਚ ਕੁੜੀਆਂ ਲਈ ਕਾਮਨ ਰੂਮ, ਵਿਜ਼ਟਰ ਰੂਮ ਅਤੇ ਬਾਥਰੂਮ ਤਿਆਰ ਕੀਤੇ ਜਾਣਗੇ।
ਉਨ੍ਹਾਂ ਅੱਗੇ ਦੱਸਿਆ ਕਿ ਹੋਸਟਲ ਵਿੱਚ ਮੈੱਸ ਤਿਆਰ ਕੀਤੀ ਜਾਵੇਗੀ ਅਤੇ ਮੈੱਸ ਵਿੱਚ ਬੱਚੀਆਂ ਲਈ ਬ੍ਰੇਕਫਾਸਟ, ਲੰਚ ਅਤੇ ਡਿਨਰ ਦੀ ਸੁਵਿਧਾ ਉਪਲਬਧ ਹੋਵੇਗੀ। ਉਨ੍ਹਾਂ ਦੱਸਿਆ ਕਿ ਹੋਸਟਲ ਤੱਕ ਪਹੁੰਚਣ ਲਈ ਇੱਕ ਅਪਰੋਚ ਰੋਡ ਬਣਾਈ ਜਾਵੇਗੀ ਅਤੇ ਨਾਲ ਹੀ ਪਾਰਕਿੰਗ ਦੀ ਸੁਵਿਧਾ ਵੀ ਦਿੱਤੀ ਜਾਵੇਗੀ। ਹੋਸਟਲ ਦੀ ਇਮਾਰਤ ਦੇ ਆਲੇ-ਦੁਆਲੇ ਸਟਰੀਟ ਲਾਈਟਾਂ ਲਗਾਈਆਂ ਜਾਣਗੀਆਂ ਅਤੇ ਹੋਸਟਲ ਦੀ ਬਾਹਰੀ ਦੀਵਾਰ ਨੂੰ ਹੋਰ ਉੱਚਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹੋਸਟਲ ਵਿੱਚ ਬੱਚੀਆਂ ਲਈ ਵਾਲੀਬਾਲ ਅਤੇ ਬੈਡਮਿੰਟਨ ਕੋਰਟ ਵੀ ਬਣਾ ਕੇ ਦਿੱਤੇ ਜਾਣਗੇ।













