75 ਪਿੰਡਾਂ ਲਈ ਸਿੰਚਾਈ ਪ੍ਰੋਜੈਕਟ ਦੀ ਰਿਪੋਰਟ ਇੰਜੀਨੀਅਰਿੰਗ ਕਮੇਟੀ ਕੋਲ ਸਮੀਖਿਆਧੀਨ: ਜਲ ਮੰਤਰੀ

34

ਪੰਜਾਬ ਦੇ ਜਲ ਮੰਤਰੀ ਵਰਿੰਦਰ ਕੁਮਾਰ ਗੋਯਲ ਨੇ ਅੱਜ ਵਿਧਾਨ ਸਭਾ ਵਿੱਚ ਦੱਸਿਆ ਕਿ ਜ਼ਿਲ੍ਹਾ ਰੂਪਨਗਰ ਦੇ ਨੂਰਪੁਰ ਬੇਦੀ ਬਲਾਕ ਦੇ 75 ਪਹਾੜੀ ਪਿੰਡਾਂ ਨੂੰ ਸਿੰਚਾਈ ਯੋਗ ਪਾਣੀ ਪ੍ਰਦਾਨ ਕਰਨ ਲਈ ਸਰਕਾਰ ਵੱਲੋਂ ਤੇਜ਼ੀ ਨਾਲ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਲਈ ਤਕਨੀਕੀ ਅਤੇ ਵਿੱਤੀ ਸੰਭਾਵਨਾ ਦੀ ਜਾਂਚ ਜਾਰੀ ਹੈ ਅਤੇ ਜਲਦੀ ਹੀ ਇਹ ਰਿਪੋਰਟ ਕੇਂਦਰੀ ਜਲ ਆਯੋਗ ਨੂੰ ਮਨਜ਼ੂਰੀ ਲਈ ਭੇਜੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਲਈ ਦੋ ਵੱਖ-ਵੱਖ ਏਜੰਸੀਆਂ ਵੱਲੋਂ ਰੁਚੀ ਪੱਤਰ (EIO) ਦਿੱਤੇ ਗਏ ਹਨ, ਜਿਨ੍ਹਾਂ ਦੀ ਵਿਸਥਾਰਪੂਰਨ ਰਿਪੋਰਟ ਹੁਣ ਇੰਜੀਨੀਅਰਾਂ ਦੀ ਨਿਗਰਾਨੀ ਕਮੇਟੀ ਵੱਲੋਂ ਸਮੀਖਿਆਧੀਨ ਹੈ। ਕਮੇਟੀ ਵੱਲੋਂ ਤਕਨੀਕੀ ਅਧਿਐਨ ਤੋਂ ਬਾਅਦ ਹੀ ਅਗਲਾ ਫੈਸਲਾ ਲਿਆ ਜਾਵੇਗਾ।

ਮੰਤਰੀ ਨੇ ਦੱਸਿਆ ਕਿ ਇਲਾਕਾ ਪਹਾੜੀ ਹੋਣ ਕਾਰਨ ਰਵਾਇਤੀ ਨਹਿਰੀ ਵਿਧੀ ਦੁਆਰਾ ਪਾਣੀ ਪਹੁੰਚਾਉਣਾ ਚੁਣੌਤੀਪੂਰਨ ਹੈ। ਇਸ ਲਈ ਤਿੰਨ ਸੰਭਾਵਿਤ ਢਾਂਚੇ – ਨੰਗਲ ਡੈਮ ਰਾਹੀਂ ਪਾਈਪ ਲਾਈਨ, ਸਵਾਂ ਨਦੀ ਰਾਹੀਂ ਸਟੋਰੇਜ, ਅਤੇ ਆਨੰਦਪੁਰ ਸਾਹਿਬ ਹਾਈਡਲ ਚੈਨਲ ਰਾਹੀਂ ਲਿਫਟ ਸਿਸਟਮ – ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਤਕਨੀਕੀ ਸੰਭਾਵਨਾ ਅਤੇ ਫੰਡ ਉਪਲਬਧ ਹੋਣ ‘ਤੇ ਇਸ ਪ੍ਰੋਜੈਕਟ ਨੂੰ ਤੁਰੰਤ ਅਮਲ ਵਿੱਚ ਲਿਆਂਦਾ ਜਾਵੇਗਾ, ਜਿਸ ਨਾਲ ਪਿੰਡਾਂ ਦੇ ਕਿਸਾਨਾਂ ਨੂੰ ਵੱਡਾ ਲਾਭ ਮਿਲੇਗਾ।