ਇਕ ਪਾਸੇ ਸੋਨੇ ਵਰਗੀਆਂ ਕਣਕਾਂ ਦੀ ਰੌਣਕ, ਪਰ ਮੌਸਮ ਦੇ ਮੋੜ ਨੇ ਕਿਸਾਨਾਂ ਦੇ ਚਿਹਰਿਆਂ ਤੋਂ ਉਡਾਈ ਮੁਸਕਾਨ!

38

ਪੰਜਾਬ ਵਿੱਚ ਕਣਕ ਦੀ ਫਸਲ ਭਰਪੂਰ ਦਿਸ ਰਹੀ ਹੈ। ਖੇਤਾਂ ਵਿੱਚ ਹਰੇ ਰੰਗ ਤੋਂ ਸੁਨਹਿਰੀ ਹੋਈ ਕਣਕਾਂ ਦੀ ਲਹਿਰ ਦਿਲ ਨੂੰ ਖੁਸ਼ ਕਰ ਰਹੀ ਹੈ। ਵਿਸਾਖੀ ਤੱਕ ਵੱਡੀ ਗਿਣਤੀ ਵਿੱਚ ਕਿਸਾਨ ਕਣਕ ਵੱਢਣ ਜਾਂ ਵੱਢਣ ਦੀ ਤਿਆਰੀ ਵਿੱਚ ਹੋਣਗੇ। ਇਹ ਖੁਸ਼ੀ ਨਾ ਸਿਰਫ਼ ਖੁਦ ਖੇਤੀ ਕਰਦੇ ਕਿਸਾਨਾਂ ਲਈ ਹੈ, ਸਗੋਂ ਉਹਨਾਂ ਲਈ ਵੀ ਜੋ ਠੇਕੇ ‘ਤੇ ਖੇਤੀ ਕਰਦੇ ਹਨ, ਅਤੇ ਮਜ਼ਦੂਰ ਤਬਕਾ ਵੀ ਇਸ ਵਾਰ ਚੰਗੇ ਝਾੜ ਦੀ ਉਮੀਦ ਨਾਲ ਖੁਸ਼ ਦਿਸ ਰਿਹਾ ਹੈ।

ਕਣਕ ਦੀ ਫਸਲ ਦੇ ਰੂਪ ਵਿੱਚ ਇੱਕ ਨਜ਼ਾਰਾ ਤਾਂ ਸੁਨਹਿਰੀ ਸੁਪਨੇ ਵਰਗਾ ਹੈ, ਪਰ ਕਿਸਾਨਾਂ ਦੇ ਮਨਾਂ ਵਿੱਚ ਇੱਕ ਡਰ ਵੀ ਪਸਰਿਆ ਹੋਇਆ ਹੈ। ਜਿਵੇਂ ਕਹਾਵਤ ਹੈ—“ਚੰਗੀ ਖੇਤੀ ਵੇਖ ਕੇ ਗਰਭ ਕਰੇ ਕਿਰਸਾਨ, ਝੱਖੜ ਝੋਲਾ ਸਿਰ ਤੇ ਖੜਾ ਘਰ ਆਈ ਤੇ ਜਾਣ”—ਇਹ ਗੱਲ ਅੱਜ ਦੇ ਮੌਸਮ ਨੂੰ ਵੇਖ ਕੇ ਸਚ ਸਾਬਤ ਹੋ ਰਹੀ ਹੈ। ਅਕਸਮਾਤ ਆਉਂਦੀ ਗਰਮੀ, ਫਿਰ ਤੇਜ਼ ਹਵਾਵਾਂ ਜਾਂ ਝੱਖੜਾਂ ਦੀ ਭਵਿੱਖਬਾਣੀ ਕਿਸਾਨਾਂ ਲਈ ਨਵੀਂ ਚਿੰਤਾ ਬਣੀ ਹੋਈ ਹੈ।

ਮੌਸਮ ਵਿਭਾਗ ਵੱਲੋਂ ਵੀ ਚੇਤਾਵਨੀ ਦਿੱਤੀ ਗਈ ਹੈ ਕਿ ਆਉਣ ਵਾਲੇ ਦੋ ਦਿਨਾਂ ਦੌਰਾਨ ਕਿਤੇ ਕਿਤੇ ਝੱਖੜ ਅਤੇ ਗੜੇ ਪੈ ਸਕਦੇ ਹਨ। ਇਹ ਹਾਲਾਤ ਕਿਸਾਨਾਂ ਦੀ ਨੀਂਦ ਉਡਾ ਰਹੇ ਹਨ। ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੇ ਦੱਸਿਆ ਕਿ ਪਿਛਲੇ ਕੁਝ ਦਿਨ ਠੰਡ ਪਏ ਹੋਣ ਕਰਕੇ ਕਣਕ ਦੀ ਫਸਲ ਬੇਹੱਦ ਵਧੀਆ ਦਿਸ ਰਹੀ ਹੈ ਅਤੇ ਝਾੜ ਵੀ ਚੰਗਾ ਹੋਵੇਗਾ।

ਕਿਸਾਨਾਂ ਦੀ ਇਹ ਵੀ ਅਰਦਾਸ ਹੈ ਕਿ ਮੌਸਮ ਠੀਕ ਰਹੇ ਅਤੇ ਜੋ ਕਣਕਾਂ ਉਹਨਾਂ ਨੇ ਦਿਨ ਰਾਤ ਪਾਣੀ ਲਾ ਕੇ, ਖਾਦ ਪਾ ਕੇ, ਆਪਣੀ ਔਲਾਦ ਨਾਲੋਂ ਵੀ ਵੱਧ ਪਿਆਰ ਨਾਲ ਪਾਲੀਆਂ ਹਨ, ਉਹ ਸੁਖ-ਸਲਾਮਤ ਮੰਡੀ ਤੱਕ ਪਹੁੰਚਣ। ਤਾਂ ਜੋ ਇਹ ਹਾੜੀ ਦੀ ਮੁੱਖ ਫਸਲ ਕਿਸਾਨਾਂ ਦੇ ਘਰ ਆਰਥਿਕ ਖੁਸ਼ਹਾਲੀ ਲੈ ਕੇ ਆ ਸਕੇ ਅਤੇ ਉਹ ਆਪਣੀ ਕਬੀਲਦਾਰੀ ਨੂੰ ਵਧੀਆ ਢੰਗ ਨਾਲ ਨਿਭਾ ਸਕਣ।