ਉਰਦੂ ਜ਼ੁਬਾਨ ਦੀ ਵਿਰਾਸਤ ਸਾਂਭੀ ਬੈਠੀ ਹੈ ਬਟਾਲਾ ਦੀ ਰਾਮਲੀਲ੍ਹਾ, ਭਾਰਤ-ਪਾਕਿ ਵੰਡੇ ਵੇਲੇ ਨਾਰੋਵਾਲ ’ਤੇ ਉੱਜੜ ਕੇ ਆਏ ਲੋਕਾਂ ਨੇ ਜਾਰੀ ਰੱਖੀ ਪਰੰਪਰਾ

59

Sell-Aid Desk24/7-  ਹੁਣ ਤੱਕ ਰਾਮਾਇਣ ਨਾਲ ਸਬੰਧਤ ਜਿੰਨੇ ਵੀ ਲੜੀਵਾਰ ਤੇ ਫਿਲਮਾਂ ਬਣੀਆਂ ਹਨ, ਸਾਰਿਆਂ ਦੇ ਸੰਵਾਦ ਸੰਕ੍ਰਿਕਤ ਦੀ ਪੁੱਠ ਵਾਲੀ ਸ਼ੁੱਧ ਹਿੰਦੀ ਹੀ ਰਹੇ ਹਨ। ਇਸੇ ਪ੍ਰਭਾਵ ਅਧੀਨ ਦੇਸ਼ ’ਚ ਵੱਖ-ਵੱਖ ਥਾਈਂ ਰਾਮਲੀਲ੍ਹਾ ਦੇ ਮੰਚਨ ਦੌਰਾਨ ਵੀ ਦਿਖਾਈ ਦਿੰਦਾ ਹੈ। ਪਰ ਬਟਾਲਾ ਦੇ ਮੀਆਂ ਮੁਹੱਲੇ ਦੀ ਰਾਮਲੀਲ੍ਹਾ ਸਾਰਿਆਂ ਤੋਂ ਵੱਖਰੀ ਹੈ। ਇਹ ਸ਼ਾਇਦ ਦੇਸ਼ ਦੀ ਇੱਕੋ-ਇਕ ਰਾਮਲੀਲ੍ਹਾ ਹੈ ਜਿਸ ’ਚ ਸ੍ਰੀ ਰਾਮ ਚੰਦਰ, ਲਕਸ਼ਮਣ, ਸੀਤਾ, ਰਾਵਣ ਸਮੇਤ ਰਮਾਇਣ ਦੇ ਹੋਰ ਪਾਤਰ ਉਰਦੂ ’ਚ ਸੰਵਾਦ ਬੋਲਦੇ ਹਨ। ਇਸ ਰਾਮਲੀਲ੍ਹਾ ਦੀ ਦੂਜੀ ਖ਼ਾਸ ਗੱਲ ਇਹ ਹੈ ਕਿ ਇਹ ਭਾਰਤ-ਪਾਕਿ ਵੰਡ ਵੇਲੇ ਉੱਜੜੇ ਕੇ ਆਏ ਲੋਕਾਂ ਨਾਲ ਨਾਰੋਵਾਲ ਤੋਂ ਬਟਾਲਾ ਪੁੱਜੀ ਹੈ।

ਬਟਾਲਾ ਦੇ ਮੀਆਂ ਮੁਹੱਲਾ ਵਿਖੇ ਆਪਣੀ ਡਾਇਮੰਡ ਜੁਬਲੀ ਮਨਾ ਰਹੀ ਇਹ ਰਾਮਲੀਲ੍ਹਾ ਭਾਵੇਂ 75 ਵਰ੍ਹੇ ਪਹਿਲਾਂ ਸ਼ੁਰੂ ਹੋਈ ਸੀ, ਪਰ ਜੇਕਰ ਇਤਿਹਾਸ ਦੇਖਿਆ ਜਾਵੇ ਤਾਂ ਇਹ ਇਸ ਤੋਂ ਵੀ ਕਿਤੇ ਪਹਿਲਾਂ ਤੋਂ ਮੰਚਨ ਹੋ ਰਹੀ ਹੈ। ਭਾਰਤ ਦੀ ਵੰਡ ਤੋਂ ਪਹਿਲਾਂ ਇਹ ਰਾਮਲੀਲ੍ਹਾ ਲਹਿੰਦੇ ਪੰਜਾਬ (ਪਾਕਿਸਤਾਨ) ਦੇ ਨਾਰੋਵਾਲ ਵਿਖੇ ਹੁੰਦੀ ਸੀ। ਇੰਦਰਜੀਤ ਸਿੰਘ ਹਰਪੁਰਾ ਡੀਪੀਆਰਓ ਦੱਸਦੇ ਹਨ ਕਿ ਸੰਨ 1947 ਦੀ ਵੰਡ ਵੇਲੇ ਪਾਕਿਸਤਾਨ ਤੋਂ ਉੱਜੜ ਕੇ ਆਏ ਹਿੰਦੂ ਤੇ ਸਿੱਖ ਪਰਿਵਾਰਾਂ ਨੇ ਏਧਰ ਚੜ੍ਹਦੇ ਪੰਜਾਬ ’ਚ ਆ ਕੇ ਆਸਰਾ ਲਿਆ। ਨਾਰੋਵਾਲ, ਸਿਆਲਕੋਟ ਤੇ ਹੋਰ ਇਲਾਕਿਆਂ ਤੋਂ ਆਏ ਬਹੁਤ ਸਾਰੇ ਲੋਕਾਂ ਨੇ ਬਟਾਲਾ ਸ਼ਹਿਰ ਨੂੰ ਆਪਣਾ ਘਰ ਬਣਾਇਆ। ਪੂਰਨ ਚੰਦ ਜੈਨ, ਰਾਮ ਲੁਭਾਇਆ, ਗੁਲਜ਼ਾਰੀ ਲਾਲ ਚੌਹਾਨ, ਹੰਸ ਰਾਜ ਸ਼ਾਸਤਰੀ, ਜਨਕ ਰਾਜ ਢੱਲ, ਜਗਮੋਹਨ ਬਾਵਾ, ਦਵਾਰਕਾ ਦਾਸ, ਜਗਦੀਸ਼ ਰਾਜ, ਹੀਰ ਲਾਲ ਜੈਨ, ਪ੍ਰਮੋਦ ਜੈਨ, ਦੀਵਾਨ ਚੰਦ ਤੇ ਰਜਿੰਦਰ ਕੁਮਾਰ ਢੱਲ ਆਦਿ ਉਨ੍ਹਾਂ ਲੋਕਾਂ ’ਚ ਸ਼ਾਮਲ ਸਨ ਜਿਨ੍ਹਾਂ ਨੇ ਓਧਰੋਂ ਏਧਰ ਆ ਕੇ ਆਪਣੀਆਂ ਜੜ੍ਹਾਂ ਲਾਈਆਂ। ਇਹ ਸਾਰੇ ਸੱਜਣ ਆਪਣੇ ਪਿਛਲੇ ਪਿੰਡਾਂ ’ਚ ਵੀ ਰਾਮਲੀਲ੍ਹਾ ਦਾ ਮੰਚਨ ਕਰਦੇ ਸਨ ਪਰ 1947 ਦੇ ਰੌਲ਼ਿਆਂ ਕਾਰਨ ਉਸ ਸਾਲ ਉਹ ਰਾਮਲੀਲ੍ਹਾ ਦਾ ਮੰਚਨ ਨਾ ਕਰ ਸਕੇ। ਬਟਾਲਾ ’ਚ ਪੈਰ ਟਿਕਾਉਣ ਤੋਂ ਬਾਅਦ ਇਨ੍ਹਾਂ ਸੱਜਣਾਂ ਨੇ ਆਪਣੀ ਵਿਰਾਸਤ ਕਾਇਮ ਰੱਖਦਿਆਂ ਮੁੜ ਰਾਮਲੀਲ੍ਹਾ ਦੇ ਮੰਚਨ ਦਾ ਯਤਨ ਕੀਤਾ। ਜਨਕ ਰਾਜ ਢੱਲ ਜੋ ਕਿ ਵੰਡ ਤੋਂ ਪਹਿਲਾਂ ਨਾਰੋਵਾਲ ਵਿਖੇ ਖੇਡੀ ਜਾਂਦੀ ਰਾਮਲੀਲ੍ਹਾ ’ਚ ਡਾਇਰੈਕਟਰ ਵਜੋਂ ਸੇਵਾਵਾਂ ਨਿਭਾਉਂਦੇ ਸਨ ਕੋਲ ਉਰਦੂ ’ਚ ਲਿਖੀ ਹੋਈ ਰਾਮਲੀਲ੍ਹਾ ਦੀ ਸਕ੍ਰਿਪਟ ਤੇ ਉਸ ਦੇ ਡਾਇਲਾਗ ਦੀ ਕਿਤਾਬ ਸੀ। ਉਹ ਵੰਡ ਵੇਲੇ ਇਸ ਨੂੰ ਆਪਣੇ ਨਾਲ ਲੈ ਆਏ ਸਨ। ਇਸ ਤਰ੍ਹਾਂ ਨਾਰੋਵਾਲ ਵਾਲੀ ਰਾਮਲੀਲ੍ਹਾ ਦੀ ਸਕ੍ਰਿਪਟ, ਡਾਇਰੈਕਟਰ ਤੇ ਬਹੁਤੇ ਕਲਾਕਾਰ ਬਟਾਲਾ ਵਿਖੇ ਹੀ ਸਨ, ਸੋ ਕੁਝ ਦਿਨਾਂ ਦੇ ਅਭਿਆਸ ਮਗਰੋਂ ਸੰਨ 1948 ’ਚ ਪਹਿਲੀ ਵਾਰ ਬਟਾਲਾ ਦੇ ਰੇਲਵੇ ਸਟੇਸ਼ਨ ’ਤੇ ਉਰਦੂ ਰਾਮਲੀਲ੍ਹਾ ਦਾ ਮੰਚਨ ਕੀਤਾ ਗਿਆ। ਸੰਗਤ ਨੇ ਇਸ ਰਾਮਲੀਲ੍ਹਾ ਨੂੰ ਬਹੁਤ ਵੱਡਾ ਹੁੰਗਾਰਾ ਦਿੱਤਾ ਤੇ ਫਿਰ ਅਗਲੇ ਦੋ ਸਾਲ ਇਸ ਰਾਮਲੀਲ੍ਹਾ ਦਾ ਮੰਚਨ ਹਾਥੀ ਗੇਟ ਦੇ ਲਾਗੇ ਕੀਤਾ ਗਿਆ। ਇਸ ਤੋਂ ਬਾਅਦ ਇਸ ਦਾ ਮੰਚਨ ਮੀਆਂ ਮੁਹੱਲੇ ’ਚ ਹੋਣ ਲੱਗਾ ਤੇ ਉਦੋਂ ਤੋਂ ਇਹ ਮੰਚਨ ਜਾਰੀ ਹੈ।

ਉਨ੍ਹਾਂ ਦੱਸਿਆ ਕਿ ਮੀਆਂ ਮਹੱਲੇ ’ਚ ਲੱਗਦੀ ਇਸ ਰਾਮਲੀਲ੍ਹਾ ’ਚ ਦਹਾਕਿਆਂ ਤੱਕ ਉਰਦੂ ਸੰਵਾਦ ਹੀ ਚੱਲਦੇ ਰਹੇ। ਪਰ ਹੌਲੀ-ਹੌਲੀ ਉਨ੍ਹਾਂ ਲੋਕਾਂ ਦੀ ਗਿਣਤੀ ਘਟਣ ਲੱਗੀ ਜਿਹੜੇ ਉਰਦੂ ਪੜ੍ਹ ਸਕਦੇ ਸਨ, ਇਸ ਲਈ 90 ਦੇ ਦਹਾਕੇ ’ਚ ਕਰੀਬ ਇਕ ਸਦੀ ਪੁਰਾਣੀ ਰਾਮਲੀਲ੍ਹਾ ਦੇ ਡਾਇਲਾਗਸ ਦਾ ਉਰਦੂ ਤੋਂ ਹਿੰਦੀ ਉਲਥਾਉਣ ਦਾ ਯਤਨ ਕੀਤਾ ਗਿਆ ਪਰ ਖ਼ਾਸ ਗੱਲ ਇਹ ਰਹੀ ਕਿ ਇਸ ਦੌਰਾਨ ਇਸ ਦੀ ਲਿਪੀ ਤਾਂ ਸ਼ਾਹਮੁਖੀ ਤੋਂ ਦੇਵਨਾਗਰੀ ਹੋ ਗਈ ਪਰ ਬਹੁਤੇ ਡਾਇਲਾਗ ਉਰਦੂ ਜ਼ਬਾਨ ’ਚ ਹੀ ਰਹੇ। ਇਹੀ ਕਾਰਨ ਹੈ ਕਿ ਅੱਜ ਵੀ ਜਦੋਂ ਇਸ ਰਾਮਲੀਲ੍ਹਾ ਮੰਚਨ ਹੁੰਦਾ ਹੈ ਤਾਂ ਉਰਦੂ ਦੇ ਡਾਇਲਾਗ ਸੁਣ ਦਰਸ਼ਕ ਮੰਤਮੁਗਧ ਹੋ ਜਾਂਦੇ ਹਨ।