ਮੁਕੇਰੀਆਂ ਦੇ ਹਾਜੀਪੁਰ ਕਸਬੇ ਵਿੱਚ ਕੁਝ ਦਿਨ ਪਹਿਲਾਂ ਹੋਏ ਭਿਆਨਕ ਸੜਕ ਹਾਦਸੇ ਨੇ ਇਲਾਕੇ ਦੀ ਜਨਤਾ ਨੂੰ ਝੰਝੋੜ ਕੇ ਰੱਖ ਦਿੱਤਾ। ਇਸ ਹਾਦਸੇ ਵਿੱਚ ਇਕ ਹੀ ਪਰਿਵਾਰ ਦੇ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ, ਜਿਨ੍ਹਾਂ ਵਿੱਚ ਦੋ ਨਿੱਕੇ- ਨਿੱਕੇ ਬੱਚੇ ਵੀ ਸ਼ਾਮਿਲ ਸਨ। ਇਹ ਹਾਦਸਾ ਇਕ ਤੇਜ਼ ਰਫ਼ਤਾਰ ਟਿੱਪਰ ਦੀ ਵਜਾ ਕਰਕੇ ਹੋਇਆ। ਜੋ ਬੇਕਾਬੂ ਹੋ ਕੇ ਲੋਕਾਂ ਉੱਤੇ ਚੜ੍ਹ ਗਿਆ।
ਹਾਦਸੇ ਤੋਂ ਬਾਅਦ ਪਰਿਵਾਰ ਅਤੇ ਇਲਾਕੇ ਦੇ ਲੋਕਾਂ ਨੇ ਰੋਸ ਵਿੱਚ ਆ ਕੇ ਮੁਕੇਰੀਆਂ-ਤਲਵਾੜਾ ਮੇਨ ਰੋਡ ਨੂੰ ਬਲਾਕ ਕਰ ਦਿਤਾ ਸੀ। ਮੌਕੇ ’ਤੇ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਅਤੇ ਲੋਕਾਂ ਨੂੰ ਨਿਆਂ ਦਾ ਭਰੋਸਾ ਦਿਵਾਇਆ। ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵੱਲੋਂ ਇਲਾਕੇ ਵਿੱਚ ਭਾਰੀ ਵਾਹਨਾਂ ਦੀ ਆਵਾਜਾਈ ਲਈ ਨਿਸ਼ਚਿਤ ਸਮਾਂ ਨਿਰਧਾਰਤ ਕੀਤਾ ਗਿਆ। ਪਰ ਸਥਾਨਕ ਵਾਸੀਆਂ ਦਾ ਦਾਅਵਾ ਹੈ ਕਿ ਇਹ ਨਿਯਮ ਸਿਰਫ ਕਾਗਜ਼ਾਂ ‘ਤੇ ਹੀ ਰਹਿ ਗਏ ਹਨ ਕਿਉਂਕਿ ਭਾਰੀ ਵਾਹਨ ਅਜੇ ਵੀ 24 ਘੰਟੇ ਰੋਡਾਂ ‘ਤੇ ਦੌੜ ਰਹੇ ਹਨ।
ਹਾਜੀਪੁਰ ਵਾਸੀਆਂ ਦਾ ਕਹਿਣਾ ਹੈ ਕਿ ਟਿੱਪਰਾਂ ਦੀ ਮਨਮਾਨੀ ਅਤੇ ਬੇਲਗਾਮ ਰਫ਼ਤਾਰ ਨੇ ਇਲਾਕੇ ਨੂੰ ਖ਼ੌਫ਼ ’ਚ ਰੱਖਿਆ ਹੋਇਆ ਹੈ। ਲੋਕਾਂ ਦੇ ਅਨੁਸਾਰ, ਪਿਛਲੇ ਕੁਝ ਸਾਲਾਂ ਵਿੱਚ ਟਿੱਪਰਾਂ ਦੀ ਚਪੇਟ ’ਚ ਆ ਕੇ ਕਈ ਜਾਨਾਂ ਜਾ ਚੁੱਕੀਆਂ ਹਨ ਪਰ ਅਜੇ ਤੱਕ ਪ੍ਰਸ਼ਾਸਨ ਵੱਲੋਂ ਕੋਈ ਢੁੱਕਵੀਂ ਕਾਰਵਾਈ ਨਹੀਂ ਕੀਤੀ ਗਈ।
ਅੱਜ ਦੁਬਾਰਾ ਹਾਜੀਪੁਰ ਦੇ ਦਰਜਨਾਂ ਲੋਕਾਂ ਨੇ ਰੋਡ ’ਤੇ ਬੈਠ ਕੇ ਧਰਨਾ ਦੇਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੀ ਮੰਗ ਹੈ ਕਿ ਫੜੇ ਗਏ ਟਿੱਪਰਾਂ ਦੇ ਮਾਲਕਾਂ ਉੱਤੇ ਸਖ਼ਤ ਕਾਰਵਾਈ ਕੀਤੀ ਜਾਵੇ, ਚਲਾਨ ਕੱਢੇ ਜਾਣ ਅਤੇ ਭਾਰੀ ਵਾਹਨਾਂ ਦੀ ਆਵਾਜਾਈ ਉੱਤੇ ਪੂਰਾ ਪਾਬੰਦੀ ਲਾਈ ਜਾਵੇ।
ਇਸ ਮੌਕੇ ਲੋਕਾਂ ਨੇ ਪੁਲਿਸ ਅਤੇ ਪ੍ਰਸ਼ਾਸਨ ਵਿਰੁੱਧ ਵੀ ਆਪਣੇ ਰੋਸ ਦਾ ਇਜ਼ਹਾਰ ਕੀਤਾ ਅਤੇ ਆਰੋਪ ਲਾਏ ਕਿ ਸਾਰੇ ਨਿਯਮ ਸਿਰਫ ਕਾਗ਼ਜ਼ੀ ਹਨ, ਮੈਦਾਨੀ ਪੱਧਰ ’ਤੇ ਕੋਈ ਕੰਮ ਨਹੀਂ ਹੋ ਰਿਹਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਲੰਮੇ ਸਮੇਂ ਤੱਕ ਕੋਈ ਨਤੀਜਾ ਨਹੀਂ ਨਿਕਲਿਆ ਤਾਂ ਸੂਬਾ ਪੱਧਰੀ ਰੋਡ ਜਾਮ ਅਤੇ ਰੋਸ ਮੁਜ਼ਾਹਰੇ ਕੀਤੇ ਜਾਣਗੇ।













