ਔਰਤ ਸਹਿਕਰਮੀ ਨੂੰ ਵੇਖ ਕੇ ਗੀਤ ਗਾਉਣਾ ਜਾਂ ਕੁਮੈਂਟ ਕਰਨਾ ਕੋਈ ਜਿਨਸੀ ਸ਼ੋਸ਼ਣ ਨਹੀਂ: ਹਾਈ ਕੋਰਟ

38

ਜਿਨਸੀ ਸ਼ੋਸ਼ਣ ਦੇ ਸੰਬੰਧ ਵਿੱਚ ਬੰਬੇ ਹਾਈ ਕੋਰਟ ਨੇ ਇੱਕ ਹੈਰਾਨੀਜਨਕ ਟਿੱਪਣੀ ਕੀਤੀ ਹੈ। ਹਾਈ ਕੋਰਟ ਨੇ ਕਿਹਾ ਹੈ ਕਿ ਕਿਸੇ ਮਹਿਲਾ ਸਹਿਕਰਮੀ ਦੇ ਵਾਲਾਂ ‘ਤੇ ਟਿੱਪਣੀ ਕਰਨਾ ਅਤੇ ਗੀਤ ਗਾਉਣਾ ਜਿਨਸੀ ਸ਼ੋਸ਼ਣ ਨਹੀਂ ਹੈ। ਇਸ ਟਿੱਪਣੀ ਨਾਲ ਬੰਬੇ ਹਾਈ ਕੋਰਟ ਨੇ ਨਿੱਜੀ ਬੈਂਕ ਦੇ ਸੀਨੀਅਰ ਅਧਿਕਾਰੀ ਨੂੰ ਰਾਹਤ ਦਿੱਤੀ ਹੈ।

18 ਮਾਰਚ ਦੇ ਆਪਣੇ ਹੁਕਮ ਵਿੱਚ, ਜਸਟਿਸ ਸੰਦੀਪ ਮਾਰਨ ਨੇ ਕਿਹਾ ਕਿ ਭਾਵੇਂ ਪਟੀਸ਼ਨਕਰਤਾ ਵਿਰੁੱਧ ਦੋਸ਼ਾਂ ਨੂੰ ਸੱਚ ਮੰਨਿਆ ਜਾਂਦਾ ਹੈ, ਪਰ ਜਿਨਸੀ ਸ਼ੋਸ਼ਣ ਬਾਰੇ ਕੋਈ “ਠੋਸ ਸਿੱਟਾ” ਨਹੀਂ ਕੱਢਿਆ ਜਾ ਸਕਦਾ।

ਪੁਣੇ ਦੇ ਇੱਕ ਬੈਂਕ ਦੇ ਐਸੋਸੀਏਟ ਰੀਜਨਲ ਮੈਨੇਜਰ ਵਿਨੋਦ ਕਛਵੇ ਨੇ ਜੁਲਾਈ 2024 ਦੇ ਉਦਯੋਗਿਕ ਅਦਾਲਤ ਦੇ ਉਸ ਆਦੇਸ਼ ਨੂੰ ਚੁਣੌਤੀ ਦਿੱਤੀ ਸੀ ਜਿਸ ਵਿੱਚ ਬੈਂਕ ਦੀ ਅੰਦਰੂਨੀ ਸ਼ਿਕਾਇਤ ਕਮੇਟੀ ਦੁਆਰਾ ਪੇਸ਼ ਕੀਤੀ ਗਈ ਰਿਪੋਰਟ ਦੇ ਖਿਲਾਫ ਉਸਦੀ ਅਪੀਲ ਨੂੰ ਖਾਰਜ ਕਰ ਦਿੱਤਾ ਗਿਆ ਸੀ। ਇਸ ਰਿਪੋਰਟ ਵਿੱਚ ਉਸਨੂੰ ਕੰਮ ਵਾਲੀ ਥਾਂ ‘ਤੇ ਔਰਤਾਂ ਨਾਲ ਜਿਨਸੀ ਸ਼ੋਸ਼ਣ (ਰੋਕਥਾਮ, ਮਨਾਹੀ ਅਤੇ ਨਿਵਾਰਣ) ਐਕਟ, 2013 ਦੇ ਤਹਿਤ ਦੁਰਵਿਵਹਾਰ ਦਾ ਦੋਸ਼ੀ ਠਹਿਰਾਇਆ ਗਿਆ ਸੀ।

ਕਮੇਟੀ ਦੀ ਰਿਪੋਰਟ ਤੋਂ ਬਾਅਦ, ਕਚਾਵੇ ਨੂੰ ਡਿਪਟੀ ਰੀਜਨਲ ਮੈਨੇਜਰ ਦੇ ਅਹੁਦੇ ‘ਤੇ ਡਿਮੋਟ ਕਰ ਦਿੱਤਾ ਗਿਆ। ਸ਼ਿਕਾਇਤਕਰਤਾ ਔਰਤ ਦੇ ਅਨੁਸਾਰ, ਪਟੀਸ਼ਨਕਰਤਾ ਨੇ ਉਸਦੇ ਵਾਲਾਂ ‘ਤੇ ਟਿੱਪਣੀ ਕੀਤੀ ਅਤੇ ਉਸਦੇ ਵਾਲਾਂ ਦਾ ਹਵਾਲਾ ਦਿੰਦੇ ਹੋਏ ਇੱਕ ਗੀਤ ਵੀ ਗਾਇਆ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਇੱਕ ਹੋਰ ਮਾਮਲੇ ਵਿੱਚ, ਉਸਨੇ ਕਥਿਤ ਤੌਰ ‘ਤੇ ਦੂਜੀਆਂ ਮਹਿਲਾ ਸਾਥੀਆਂ ਦੀ ਮੌਜੂਦਗੀ ਵਿੱਚ ਇੱਕ ਪੁਰਸ਼ ਸਾਥੀ ਦੇ ਗੁਪਤ ਅੰਗ ਬਾਰੇ ਟਿੱਪਣੀ ਕੀਤੀ।

ਹਾਈ ਕੋਰਟ ਨੇ ਕਿਹਾ ਕਿ ਬੈਂਕ ਦੀ ਸ਼ਿਕਾਇਤ ਕਮੇਟੀ ਨੇ ਇਸ ਗੱਲ ‘ਤੇ ਵਿਚਾਰ ਨਹੀਂ ਕੀਤਾ ਕਿ ਪਟੀਸ਼ਨਕਰਤਾ ਦਾ ਕਥਿਤ ਆਚਰਣ ਜਿਨਸੀ ਸ਼ੋਸ਼ਣ ਦੇ ਬਰਾਬਰ ਹੈ ਜਾਂ ਨਹੀਂ। ਅਦਾਲਤ ਨੇ ਕਿਹਾ, “ਜੇਕਰ ਘਟਨਾ ਨਾਲ ਸਬੰਧਤ ਦੋਸ਼ਾਂ ਨੂੰ ਸੱਚ ਮੰਨਿਆ ਜਾਂਦਾ ਹੈ, ਤਾਂ ਵੀ ਇਹ ਵਿਸ਼ਵਾਸ ਕਰਨਾ ਮੁਸ਼ਕਲ ਹੈ ਕਿ ਪਟੀਸ਼ਨਕਰਤਾ ਨੇ ਜਿਨਸੀ ਸ਼ੋਸ਼ਣ ਦਾ ਕੋਈ ਕੰਮ ਕੀਤਾ ਹੈ।” ਹਾਈ ਕੋਰਟ ਨੇ ਸਤੰਬਰ 2022 ਦੀ ਬੈਂਕ ਦੀ ਅੰਦਰੂਨੀ ਰਿਪੋਰਟ ਦੇ ਨਾਲ-ਨਾਲ ਪੁਣੇ ਇੰਡਸਟਰੀਅਲ ਕੋਰਟ ਦੇ ਹੁਕਮ ਨੂੰ ਵੀ ਰੱਦ ਕਰ ਦਿੱਤਾ।